ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਕਾਰ ਮੈਚ ਬਹੁਤ ਹੀ ਰੋਮਾਂਚਕ ਰਿਹਾ।
ਆਈਪੀਐਲ 2025 ਦੇ 20ਵੇਂ ਮੈਚ ਵਿੱਚ, ਮੁੰਬਈ ਇੰਡੀਅਨਜ਼ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੇ ਇੱਕ ਰੋਮਾਂਚਕ ਮੈਚ ਵਿੱਚ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ 20 ਓਵਰਾਂ ਵਿੱਚ 221 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਜਵਾਬ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ 12 ਦੌੜਾਂ ਨਾਲ ਮੈਚ ਹਾਰ ਗਈ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਮੁੰਬਈ ਇੰਡੀਅਨਜ਼ ਦੀ ਟੀਮ ਇਹ ਮੈਚ ਜਿੱਤ ਸਕਦੀ ਹੈ, ਪਰ ਆਰਸੀਬੀ ਦੇ ਗੇਂਦਬਾਜ਼ਾਂ ਨੇ ਆਖਰੀ ਪਲਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ। ਇਹ ਜਿੱਤ ਆਰਸੀਬੀ ਲਈ ਬਹੁਤ ਖਾਸ ਹੈ ਕਿਉਂਕਿ ਇਸ ਟੀਮ ਨੇ 10 ਸਾਲਾਂ ਬਾਅਦ ਵਾਨਖੇੜੇ ਵਿਖੇ ਮੁੰਬਈ ਇੰਡੀਅਨਜ਼ ਨੂੰ ਹਰਾਇਆ ਹੈ।
ਆਰਸੀਬੀ ਦੀ ਤੀਜੀ ਜਿੱਤ
ਇਹ ਇਸ ਟੂਰਨਾਮੈਂਟ ਵਿੱਚ ਆਰਸੀਬੀ ਦੀ ਤੀਜੀ ਜਿੱਤ ਹੈ। ਉਹ ਅੰਕ ਸੂਚੀ ਵਿੱਚ ਤੀਜੇ ਨੰਬਰ ‘ਤੇ ਹੈ। ਜਦੋਂ ਕਿ ਮੁੰਬਈ ਇੰਡੀਅਨਜ਼ ਦੀ ਟੀਮ ਆਪਣਾ ਚੌਥਾ ਮੈਚ ਹਾਰ ਗਈ ਹੈ ਅਤੇ 8ਵੇਂ ਸਥਾਨ ‘ਤੇ ਹੈ। ਆਰਸੀਬੀ ਲਈ ਵਿਰਾਟ ਕੋਹਲੀ ਨੇ 42 ਗੇਂਦਾਂ ਵਿੱਚ 67 ਦੌੜਾਂ ਬਣਾਈਆਂ। ਕਪਤਾਨ ਰਜਤ ਪਾਟੀਦਾਰ ਨੇ ਵੀ 32 ਗੇਂਦਾਂ ਵਿੱਚ 64 ਦੌੜਾਂ ਦੀ ਪਾਰੀ ਖੇਡੀ। ਗੇਂਦਬਾਜ਼ੀ ਵਿੱਚ, ਕਰੁਣਾਲ ਪੰਡਯਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਹੇਜ਼ਲਵੁੱਡ ਅਤੇ ਯਸ਼ ਦਿਆਲ ਨੇ 2-2 ਵਿਕਟਾਂ ਲਈਆਂ।
ਹਾਰਦਿਕ-ਤਿਲਕ ਦੀਆਂ ਕੋਸ਼ਿਸ਼ਾਂ
ਮੁੰਬਈ ਇੰਡੀਅਨਜ਼ ਇੱਕ ਵਾਰ ਇਸ ਮੈਚ ਵਿੱਚ ਸੀ ਅਤੇ ਇਸ ਦਾ ਕਾਰਨ ਹਾਰਦਿਕ ਪੰਡਯਾ ਅਤੇ ਤਿਲਕ ਵਰਮਾ ਦੀ ਤੂਫਾਨੀ ਪਾਰੀ ਸੀ। ਹਾਰਦਿਕ ਪੰਡਯਾ ਨੇ 15 ਗੇਂਦਾਂ ਵਿੱਚ 4 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਤਿਲਕ ਨੇ 29 ਗੇਂਦਾਂ ਵਿੱਚ 56 ਦੌੜਾਂ ਦੀ ਪਾਰੀ ਖੇਡੀ ਹੈ। ਪਰ ਇਹ ਪਾਰੀਆਂ ਵੀ ਮੁੰਬਈ ਨੂੰ ਜਿੱਤ ਨਹੀਂ ਦਿਵਾ ਸਕੀਆਂ। ਤਿਲਕ ਵਰਮਾ ਤੋਂ ਬਾਅਦ ਜਿਵੇਂ ਹੀ ਹਾਰਦਿਕ ਪੰਡਯਾ ਆਊਟ ਹੋਏ, ਮੁੰਬਈ ਇੰਡੀਅਨਜ਼ ਦੀ ਹਾਰ ਤੈਅ ਹੋ ਗਈ। ਮੁੰਬਈ ਨੇ 19ਵੇਂ ਓਵਰ ਵਿੱਚ ਹਾਰਦਿਕ ਪੰਡਯਾ ਦੀ ਵਿਕਟ ਗੁਆ ਦਿੱਤੀ ਤੇ ਫਿਰ ਕਰੁਣਾਲ ਪੰਡਯਾ ਨੇ ਆਖਰੀ ਓਵਰ ਵਿੱਚ ਤਿੰਨ ਵਿਕਟਾਂ ਲੈ ਕੇ ਆਰਸੀਬੀ ਨੂੰ ਮੈਚ ਜਿੱਤਾਇਆ।
ਆਖਰੀ ਓਵਰ ਵਿੱਚ ਕੀ ਹੋਇਆ?
ਮੁੰਬਈ ਇੰਡੀਅਨਜ਼ ਨੂੰ ਆਖਰੀ ਓਵਰ ਵਿੱਚ 19 ਦੌੜਾਂ ਦੀ ਲੋੜ ਸੀ। ਆਰਸੀਬੀ ਨੇ ਇਹ ਓਵਰ ਸਪਿਨਰ ਕਰੁਣਾਲ ਪੰਡਯਾ ਨੂੰ ਦਿੱਤਾ, ਜਿਸਨੇ ਪਿਛਲੇ ਓਵਰ ਵਿੱਚ 19 ਦੌੜਾਂ ਦਿੱਤੀਆਂ ਸਨ। ਇਹ ਇੱਕ ਵੱਡਾ ਜੋਖਮ ਸੀ, ਪਰ ਤਿਲਕ ਵਰਮਾ ਨੇ ਲਗਾਤਾਰ 2 ਗੇਂਦਾਂ ‘ਤੇ ਵਿਕਟਾਂ ਲਈਆਂ। ਇਸ ਤੋਂ ਬਾਅਦ, ਉਸ ਨੇ 5ਵੀਂ ਗੇਂਦ ‘ਤੇ ਨਮਨ ਧੀਰ ਦੀ ਵਿਕਟ ਲੈ ਕੇ ਮੈਚ ਦਾ ਅੰਤ ਕੀਤਾ।