ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੇਂਦਰ ਤੇ ਕਿਸਾਨਾਂ ਵਿਚਾਲੇ ਚੰਡੀਗੜ੍ਹ ਵਿਖੇ ਚਲ ਰਹੀ ਮੀਟਿੰਗ ਦਾ ਪੱਕ ਹੱਲ ਨਿਕਲ ਜਾਵੇਗਾ
ਨੇੜਲੇ ਪਿੰਡ ਛੜਬੜ ਵਿਖੇ ਸਥਿਤ ਪੁਲਿਸ ਟ੍ਰੇਨਿੰਗ ਸੈਂਟਰ ਬੁੱਧਵਾਰ ਸਵੇਰੇ ਤੜਕਸਾਰ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ ਜਿਸ ਨੂੰ ਦੇਖਦੇ ਹੋਏ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ ਪੁਲਿਸ ਦੀ ਗਿਣਤੀ ਵੱਧਦੀ ਗਈ ਤੇ ਲੋਕਾਂ ‘ਚ ਸਹਿਮ ਵਧਦਾ ਗਿਆ। ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਵਾਟਰ ਕੈਨਨ ਤੇ ਦੰਗਾਂ ਰੋਕੂ ਗੱਡੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ।
ਪੁਲਿਸ ਦਾ ਛੋਟੇ ਤੋਂ ਵੱਡਾ ਅਧਿਕਾਰੀ ਟ੍ਰੇਨਿੰਗ ਸੈਂਟਰ ‘ਤੇ ਖੜ੍ਹਾ ਸੀ ਪਰ ਕੋਈ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਇੰਨੀ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਸਨ ਵੱਡੇ ਲਾਮ ਲਸ਼ਕਰ ਨਾਲ ਇਸ ਖੇਤਰ ‘ਚ ਪੁੱਜਿਆ ਹੋਵੇ। ਇਹ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੇਂਦਰ ਤੇ ਕਿਸਾਨਾਂ ਵਿਚਾਲੇ ਚੰਡੀਗੜ੍ਹ ਵਿਖੇ ਚਲ ਰਹੀ ਮੀਟਿੰਗ ਦਾ ਪੱਕ ਹੱਲ ਨਿਕਲ ਜਾਵੇਗਾ ਪਰ ਜੇਕਰ ਮੀਟਿੰਗ ਦੌਰਾਨ ਕੋਈ ਹੱਲ ਨਾ ਨਿਕਲਿਆ ਤਾਂ ਵੀ ਸਰਕਾਰ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਲੱਗੇ ਧਰਨਿਆਂ ਨੂੰ ਚੁਕਾਉਣ ਦੀ ਤਿਆਰੀ ਵਿਚ ਹੈ। ਖਬਰ ਲਿਖੇ ਜਾਣ ਤੱਕ ਕੋਈ ਵੀ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ।