‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ 9779100200 ਜਾਰੀ ਕੀਤਾ
ਪੰਜਾਬ ਹੁਣ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਡਰੱਗ ਸੇਂਸੈਸ ਕੀਤੀ ਜਾਵੇਗੀ। ਸੂਬਾ ਸਰਕਾਰ ਦੀਆਂ ਏਜੰਸੀਆਂ ਸੂਬੇ ਵਿੱਚ ਘਰ-ਘਰ ਜਾ ਕੇ ਨਸ਼ਾ ਪੀੜਤਾਂ ਦਾ ਡੇਟਾ ਤਿਆਰ ਕਰਨਗੀਆਂ, ਜਿਸ ਵਿੱਚ ਨਸ਼ਾ ਕਰਨ ਵਾਲਿਆਂ ਦੇ ਪੂਰੇ ਵੇਰਵੇ ਦਰਜ ਕੀਤੇ ਜਾਣਗੇ। ਇਸ ਡੇਟਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਇਸ ਡੇਟਾ ਦੇ ਆਧਾਰ ‘ਤੇ, ਸੂਬੇ ਦੇ ਨੌਜਵਾਨਾਂ ਦਾ ਇਲਾਜ ਕਰਨ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਕੀਤੇ ਜਾਣਗੇ।
ਪੰਜਾਬ ਸਰਕਾਰ ਇਨ੍ਹਾਂ ਨਸ਼ੇ ਦੀ ਲੱਤ ਦੇ ਸ਼ਿਕਾਰ ਲੋਕਾਂ ਲਈ ਇੱਕ ਵਿਸ਼ੇਸ਼ ਪੈਕੇਜ ਤਿਆਰ ਕਰੇਗੀ ਤਾਂ ਜੋ ਪੀੜਤਾਂ ਨੂੰ ਮੁੜ ਵਸੇਬਾ ਕੇਂਦਰਾਂ ਜਾਂ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਇਲਾਜ ਕਰਵਾ ਕੇ ਨਸ਼ੇ ਦੀ ਜਕੜ ਤੋਂ ਮੁਕਤ ਕੀਤਾ ਜਾ ਸਕੇ। ਇਹ ਡਰੱਗ ਸੇਂਸੈਸ 1 ਅਪ੍ਰੈਲ, 2025 ਤੋਂ ਲਾਗੂ ਹੋਵੇਗਾ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਂਝੀ ਕੀਤੀ। ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਪੱਛਮੀ ਹਲਕੇ ਤੋਂ ਉਪ ਚੋਣ ਲਈ ਮੈਦਾਨ ਵਿੱਚ ਉਤਰੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਇਨਡੋਰ ਸਟੇਡੀਅਮ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਹੈਲਪਲਾਈਨ 9779100200 ‘ਤੇ ਦਿਓ ਜਾਣਕਾਰੀ
‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ 9779100200 ਜਾਰੀ ਕੀਤਾ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਇਸ ਨੰਬਰ ‘ਤੇ ਸਾਂਝੀ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੂਰੇ ਸੂਬੇ ਵਿੱਚ ਨਸ਼ੇ ਦੀ ਸਥਿਤੀ ਦੀ ਅਸਲੀਅਤ ਜਾਣਨ ਲਈ ਇੱਕ ਜਨਗਣਨਾ ਕੀਤੀ ਜਾਵੇਗੀ। ਇਸ ਤਹਿਤ ਟੀਮਾਂ ਘਰ-ਘਰ ਜਾ ਕੇ ਨਸ਼ੇ ਦੀ ਅਸਲ ਸਥਿਤੀ ਦਾ ਪਤਾ ਲਗਾਉਣਗੀਆਂ ਅਤੇ ਪੀੜਤਾਂ ਦੀ ਪਛਾਣ ਗੁਪਤ ਰੱਖਦੇ ਹੋਏ ਉਨ੍ਹਾਂ ਦੇ ਸੁਧਾਰ ਲਈ ਕਦਮ ਚੁੱਕੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਉਹ ਉਦੋਂ ਤੱਕ ਸੁੱਖ ਦਾ ਸਾਹ ਨਹੀਂ ਲੈਣਗੇ ਜਦੋਂ ਤੱਕ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ। ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹਰ ਪਿੰਡ ਵਿੱਚ ਇੱਕ ਖੇਡ ਦਾ ਮੈਦਾਨ ਬਣਾਇਆ ਜਾਵੇਗਾ। ਤਰਨਤਾਰਨ ਦੇ 87 ਪਿੰਡਾਂ ਵਿੱਚ ਖੇਡ ਦੇ ਮੈਦਾਨ ਬਣਾਏ ਗਏ ਹਨ। ਹਰ ਪਿੰਡ ਵਿੱਚ ਜਿੰਮ ਬਣਾਏ ਜਾ ਰਹੇ ਹਨ।
ਪੰਜਾਬ ਵਿਰੋਧੀ ਤਾਕਤਾਂ ਨੂੰ ਸਖ਼ਤ ਚੇਤਾਵਨੀ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਇਹ ਕਾਂਗਰਸ, ਅਕਾਲੀ- ਭਾਜਪਾ ਸਰਕਾਰ ਨਹੀਂ ਹੈ ਅਤੇ ‘ਆਪ’ ਸਰਕਾਰ ਇਨ੍ਹਾਂ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਅਕਾਲੀ ਅਤੇ ਭਾਜਪਾ ਨੇ ਲੁਧਿਆਣਾ ਦੇ ਲੋਕਾਂ ਲਈ ਸਿਵਲ ਹਸਪਤਾਲ ਨੂੰ ਖਸਤਾ ਹਾਲਤ ਵਿੱਚ ਛੱਡ ਦਿੱਤਾ ਸੀ ਪਰ ਹੁਣ ਇਸਦਾ ਪੂਰੀ ਤਰ੍ਹਾਂ ਨਵੀਨੀਕਰਨ ਕਰ ਦਿੱਤਾ ਗਿਆ ਹੈ।
ਇਨ੍ਹਾਂ ‘ਚ ਵੀ ਹੋਣਗੇ ਵੱਡੇ ਬਦਲਾਅ
‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਇਸ ਸਿਵਲ ਹਸਪਤਾਲ ਵਿੱਚ 30 ਹਜ਼ਾਰ ਤੋਂ ਵੱਧ ਚੂਹੇ ਸਨ, ਪਰ ਹੁਣ ਸੂਬਾ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਉੱਚ ਪੱਧਰ ‘ਤੇ ਲਿਜਾਣ ਲਈ ਇੱਕ ਵੱਡੀ ਸਿਹਤ ਕ੍ਰਾਂਤੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 3-4 ਮਹੀਨਿਆਂ ਵਿੱਚ ਜ਼ਮੀਨ ਰਜਿਸਟਰੀ ਦੇ ਕੰਮ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਆਪਕ ਸੁਧਾਰਾਂ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਅਤੇ ਸਾਰੀਆਂ ਜਨਤਕ ਸੇਵਾਵਾਂ ਆਮ ਆਦਮੀ ਦੇ ਦਰਵਾਜ਼ੇ ‘ਤੇ ਪਹੁੰਚਾਈਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਪੰਜਾਬੀਆਂ ਕੋਲ ਆਯੁਸ਼ਮਾਨ ਕਾਰਡ ਨਹੀਂ ਹਨ, ਉਨ੍ਹਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਲਈ ਸਿਹਤ ਕਾਰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਲੋਕ ਭਲਾਈ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ।