ਆਸ਼ੂ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਮਿਲਦੇ ਹੋਏ ਆਪਣੀ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ- ਲੁਧਿਆਣਾ ਪੱਛਮੀ ਦੀ ਅਵਾਜ਼, ਇਸ ਵਾਰ ਆਸ਼ੂ ਬਦਲੇਗਾ ਰਿਵਾਜ।
ਲੁਧਿਆਣਾ ਦੇ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਤਿਆਰ ਹੋ ਗਈਆਂ ਹਨ। ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਤਾਂ ਦੂਜੇ ਪਾਸੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੈਸਟ ਹਲਕੇ ਤੋਂ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ।
ਅੱਜ ਆਸ਼ੂ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਮਿਲਦੇ ਹੋਏ ਆਪਣੀ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ- ਲੁਧਿਆਣਾ ਪੱਛਮੀ ਦੀ ਅਵਾਜ਼, ਇਸ ਵਾਰ ਆਸ਼ੂ ਬਦਲੇਗਾ ਰਿਵਾਜ। ਆਸ਼ੂ ਦੇ ਦਾਅਵੇ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਕੱਲ੍ਹ ਲੁਧਿਆਣਾ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਸ਼ੂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਸਰਕਾਰ ਵੱਲੋਂ ਆਸ਼ੂ ਵਿਰੁੱਧ ਦਾਇਰ ਕੀਤਾ ਗਿਆ ਕੇਸ ਅਜੇ ਵੀ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਉਹਨਾਂ ਨੂੰ ਮਾਮਲੇ ਵਿੱਚ ਕਿਤੇ ਵੀ ਕਲੀਨ ਚਿੱਟ ਨਹੀਂ ਮਿਲੀ। ਮੁੱਖ ਮੰਤਰੀ ਮਾਨ ਦੇ ਇਸ ਬਿਆਨ ਤੋਂ ਬਾਅਦ ਆਸ਼ੂ ਨੇ ਵੀ ਮਾਨ ਦੇ ਇਸ ਬਿਆਨ ‘ਤੇ ਨਿਸ਼ਾਨਾ ਸਾਧਿਆ।
ਭਾਰਤ ਭੂਸ਼ਣ ਆਸ਼ੂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਲੋਕਾਂ ਤੋਂ ਵੋਟਾਂ ਮੰਗਣ ਲਈ ਲੁਧਿਆਣਾ ਆਉਣ ਤੋਂ ਪਹਿਲਾਂ ਆਪਣੀਆਂ ਪ੍ਰਾਪਤੀਆਂ ਗਿਣਾਉਣ।
ਆਸ਼ੂ ਨੇ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਲੁਧਿਆਣਾ ਦੇ ਲੋਕ ਪਿਛਲੇ ਵਾਅਦਿਆਂ ਬਾਰੇ ਜਵਾਬ ਮੰਗ ਰਹੇ ਸਨ, ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਪੁਰਾਣੇ ਵਾਅਦਿਆਂ ਦਾ ਜਵਾਬ ਦੇਣ ਜੋ ਸਰਕਾਰ ਪੂਰੇ ਨਹੀਂ ਕਰ ਸਕੀ। ਆਸ਼ੂ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਹਿਲਾਂ ਹੀ ਇੱਕ ਮੌਕਾ ਦਿੱਤਾ ਸੀ ਅਤੇ ਤੁਸੀਂ ਇਸਨੂੰ ਗੁਆ ਦਿੱਤਾ।
ਆਸ਼ੂ ਨੇ ਦੋਵਾਂ ਪ੍ਰਮੁੱਖ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਨਸ਼ਿਆਂ, ਭ੍ਰਿਸ਼ਟਾਚਾਰ, ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਅਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਬਾਰੇ ਦੱਸਣ।
ਆਸ਼ੂ ਦੀ ਰਾਹ ਨਹੀਂ ਆਸਾਨ
ਜ਼ਿਕਰਯੋਗ ਹੈ ਕਿ ਜੇਕਰ ਹਾਈ ਕਮਾਂਡ ਆਸ਼ੂ ਨੂੰ ਉਮੀਦਵਾਰ ਐਲਾਨ ਵੀ ਦਿੰਦੀ ਹੈ ਤਾਂ ਵੀ ਉਹਨਾਂ ਦਾ ਰਾਹ ਆਸਾਨ ਨਹੀਂ ਹੋਵੇਗੀ। ਕਾਂਗਰਸ ਵਿੱਚ ਕਈ ਮੌਕਿਆਂ ‘ਤੇ ਧੜੇਬੰਦੀ ਸਪੱਸ਼ਟ ਤੌਰ ‘ਤੇ ਦੇਖੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਲੋਕ ਸਭਾ ਚੋਣਾਂ ਵਿੱਚ ਆਸ਼ੂ ਲੁਧਿਆਣਾ ਸੀਟ ਤੋਂ ਸਭ ਤੋਂ ਮਜ਼ਬੂਤ ਦਾਅਵੇਦਾਰ ਸਨ ਪਰ ਹਾਈਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ। ਲੋਕ ਸਭਾ ਚੋਣਾਂ ਦੌਰਾਨ ਵੀ ਪੱਛਮੀ ਹਲਕੇ ਵਿੱਚ ਕਾਂਗਰਸ ਨਾਲੋਂ ਭਾਜਪਾ ਅੱਗੇ ਦਿਖਾਈ ਦਿੱਤੀ ਸੀ।