HomeDeshSunanda Sharma ਦੇ ਆਰੋਪਾਂ ਤੋਂ ਬਾਅਦ ਗ੍ਰਿਫਤਾਰ ਪੰਜਾਬੀ ਪ੍ਰੋਡਿਊਸਰ Pinky Dhaliwal ਥਾਣੇ...
Sunanda Sharma ਦੇ ਆਰੋਪਾਂ ਤੋਂ ਬਾਅਦ ਗ੍ਰਿਫਤਾਰ ਪੰਜਾਬੀ ਪ੍ਰੋਡਿਊਸਰ Pinky Dhaliwal ਥਾਣੇ ਤੋਂ ਰਿਹਾਅ
Pinky Dhaliwal ਨੂੰ ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਕਰਨ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਦੀ ਕੋਸ਼ਿਸ਼ ਅਤੇ ਮਾਨਸਿਕ ਪਰੇਸ਼ਾਨੀ ਦੇ ਮਾਮਲੇ ਵਿੱਚ ਮਿਊਜ਼ਿਕ ਕੰਪਨੀ ਦੀ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਕੀ ਧਾਲੀਵਾਲ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਹਾਲਾਂਕਿ ਇਹ ਜ਼ਮਾਨਤ ਨਹੀਂ ਹੈ, ਕੋਰਟ ਵੱਲੋਂ ਗ੍ਰਿਫ਼ਤਾਰੀ ਸਹੀ ਢੰਗ ਨਾਲ ਨਾ ਹੋਣ ‘ਤੇ ਰਿਹਾਈ ਦੇ ਹੁਕਮ ਦਿੱਤੇ ਗਏ ਹਨ। ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸੁਨੰਦਾ ਸ਼ਰਮਾ ਨੇ ਭਾਵੁਕ ਪੋਸਟ ਸਾਂਝੀ ਕਰਦਿਆਂ ਪਿੰਕੀ ਧਾਲੀਵਾਲ ਵਰਗੇ ਨਿਰਮਾਤਾਵਾਂ ਨੂੰ ਇੰਡਸਟਰੀ ਦੇ ਮਗਰਮੱਛ ਦੱਸਿਆ ਸੀ।
ਉੱਧਰ, ਧਾਲੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਹੋਰ ਕਲਾਕਾਰ ਵੀ ਖੁੱਲ੍ਹ ਕੇ ਪਾਲੀਵੁੱਡ ਖਿਲਾਫ਼ ਮੈਦਾਨ ਵਿੱਚ ਨਿੱਤਰ ਆਏ ਹਨ। ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਅਦਾਕਾਰਾ ਹਿਮਾਸ਼ੀ ਖੁਰਾਣਾ ਨੇ ਕਿਹਾ ਹੈ ਕਿ 2017 ਵਿੱਚ ਜਦੋਂ ਉਹ ਕੰਮ ਮੰਗਣ ਗਈ ਸੀ ਤਾਂ ਉਨ੍ਹਾਂ ਨਾਲ ਵੀ ਅਜਿਹਾ ਹੀ ਕੁਝ ਹੋਇਆ ਸੀ, ਜਿਸਤੋਂ ਉਹ ਲੰਮੇ ਸਮੇਂ ਤੱਕ ਡਿਪਰੇਸ਼ਨ ਵਿੱਚ ਰਹੇ ਸਨ।
ਇਸਤੋਂ ਇਲਾਵਾ ਪੰਜਾਬੀ ਸਿੰਗਰ ਸ਼੍ਰੀਬਰਾੜ ਅਤੇ ਵਿੱਕੀ ਨੇ ਵੀ ਵੱਡੇ ਇਲਜ਼ਾਮ ਲਾਏ ਹਨ। ਸ਼੍ਰੀਬਰਾੜ ਨੇ ਕਿਹਾ ਕਿ ਸੂਬੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਨ੍ਹਾਂ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਮਦਦ ਦੀ ਗੁਹਾਰ ਲਾਈ ਸੀ, ਪਰ ਉਨ੍ਹਾਂ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਉੱਧਰ ਵਿੱਕੀ ਦੇ ਇਲਜ਼ਾਮ ਵੀ ਧਾਲੀਵਾਲ ਖਿਲਾਫ਼ ਕਾਫੀ ਗੰਭੀਰ ਹਨ। ਉਨ੍ਹਾਂ ਕਿਹਾ ਕਿ ਪਿੰਕੀ ਧਾਲੀਵਾਲ ਦੀ ਕੰਪਨੀ ਨੇ ਉਨ੍ਹਾਂ ਨਾਲ ਫਰਾਡ ਕੀਤਾ ਅਤੇ ਉਨ੍ਹਾਂ ਦੇ 3 ਕਰੋੜ ਰੁਪਏ ਨਹੀਂ ਦਿੱਤੇ। ਨਾਲ ਹੀ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਧਾਲੀਵਾਲ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਧਾਲੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਨੰਦਾ ਨੇ ਪਾਈ ਸੀ ਭਾਵੁਕ ਪੋਸਟ
ਆਪਣੀ ਪੋਸਟ ਦੇ ਹੈਡਿੰਗ ਵਿੱਚ, ਸੁਨੰਦਾ ਸ਼ਰਮਾ ਨੇ ਲਿਖਿਆ ਸੀ ਕਿ ਇੱਟ ਅਤੇ ਕੁੱਤੇ ਦਾ ਵੈਰ। ਸੁਨੰਦਾ ਸ਼ਰਮਾ ਨੇ ਅੱਗੇ ਲਿਖਿਆ ਕਿ ਇਹ ਮਸਲਾ ਕਿਸੇ ਕਾਂਟ੍ਰੈਕਟ ਜਾਂ ਪੈਸੇ ਦਾ ਨਹੀਂ, ਇਹ ਮੈਨੂੰ ਮਾਨਸਿਕ ਤੌਰ ‘ਤੇ ਬਿਮਾਰ ਬਣਾਉਣ ਦਾ ਮੁੱਦਾ ਹੈ। ਇਹ ਹਰ ਉਸ ਕਲਾਕਾਰ ਦਾ ਮਸਲਾ ਹੈ ਜੋ ਇੱਕ ਆਮ ਪਰਿਵਾਰ ਨਾਲ ਸਬੰਧਤ ਹੈ। ਇੱਕ ਆਮ ਪਰਿਵਾਰ ਤੋਂ ਆਉਣ ਵਾਲਾ ਕਲਾਕਾਰ ਸੁਪਨੇ ਲੈਂਦਾ ਹੈ ਅਤੇ ਅਜਿਹੇ ਮਗਰਮੱਛ ਉਸਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ।
ਅਜਿਹੇ ਲੋਕ ਸਾਡੇ ਤੋਂ ਸਖ਼ਤ ਮਿਹਨਤ ਕਰਵਾਉਂਦੇ ਹਨ ਅਤੇ ਇਸ ਨਾਲ ਆਪਣੇ ਘਰ ਭਰਦੇ ਹਨ। ਇਸ ਤੋਂ ਇਲਾਵਾ, ਕਲਾਕਾਰ ਨਾਲ ਭਿਖਾਰੀ ਵਾਂਗ ਟ੍ਰੀਟ ਕੀਤਾ ਜਾਂਦਾ ਹੈ। ਉਹ ਅੱਗੇ ਲਿੱਖਦੀ ਹੈ ਕਿ ਮੈਂ ਉਨ੍ਹਾਂ ਨੂੰ ਰੋਕਿਆ ਹੈ। ਹੇ ਵਾਹਿਗੁਰੂ, ਤੁਹਾਡੇ ਬਣਾਏ ਗਏ ਲੋਕ ਆਪਣੇ ਆਪ ਨੂੰ ਤੁਹਾਡੇ ਤੋਂ ਉੱਤੇ ਸਮਝਣ ਲੱਗ ਪਏ ਹਨ।
ਸੁਨੰਦਾ ਸ਼ਰਮਾ ਨੇ ਅੱਗੇ ਲਿਖਿਆ – ਮੈਂ ਕਮਰੇ ਵਿੱਚ ਇਕੱਲਿਆਂ ਬਹਿ ਕੇ ਰੋਈ ਹਾਂ। ਕਈ ਵਾਰ ਮੈਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਲੋਕਾਂ ਦੇ ਸਾਹਮਣੇ ਹੱਸਦੀ ਹੋਈ ਆਉਂਦੀ ਸੀ। ਮੈਂ ਇੰਨੀ ਸਿਆਣੀ ਸੀ ਕਿ ਕਿਸੇ ਦੇ ਸਾਹਮਣੇ ਆਪਣਾ ਦੁੱਖੜਾ ਨਹੀਂ ਰੋਇਆ।
ਜੇ ਮੈਂ ਰੋਂਦੀ ਤਾਂ ਕੋਈ ਹੋਰ ਮਗਰਮੱਛ ਮੇਰੇ ਪਿੱਛੇ ਆ ਜਾਂਦਾ। ਮੈਨੂੰ ਨਹੀਂ ਪਤਾ ਕਿ ਮੇਰੇ ਵਰਗੇ ਹੋਰ ਕਿੰਨੇ ਲੋਕ ਅਜਿਹੇ ਲੋਕਾਂ ਦੇ ਸ਼ਿਕਾਰ ਹੋਏ ਹੋਣਗੇ। ਆਓ ਸਾਰੇ ਇਕੱਠੇ ਹੋਈਏ, ਇਹ ਸਾਡਾ ਸਮਾਂ ਹੈ, ਇਹ ਸਾਡੀ ਮਿਹਨਤ ਹੈ ਅਤੇ ਇਸਦਾ ਫਲ ਵੀ ਸਾਨੂੰ ਮਿਲਣਾ ਚਾਹੀਦਾ ਹੈ। ਇਹ ਸਮਾਂ ਇਕਜੁੱਟ ਹੋਣ ਦਾ ਹੈ।