ਸੈਲਾਨੀਆਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਪੁਲਿਸ ਨੇ ਸ਼ਿਮਲਾ ਸ਼ਹਿਰ ਵਿਚ ਟ੍ਰੈਫਿਕ ਪੁਆਇੰਟਾਂ ਦੀ ਨਿਸ਼ਾਨਦੇਹੀ ਕਰ ਲਈ ਹੈ।
ਨਵੇਂ ਵਰ੍ਹੇ ਦਾ ਜਸ਼ਨ (New Year Celebrations) ਮਨਾਉਣ ਲਈ ਜੇ ਤੁਸੀਂ ਸ਼ਿਮਲਾ ਆ ਰਹੇ ਹੋ ਤਾਂ ਹੋਟਲ ਦੀ ਬੁਕਿੰਗ (Hotel Booking) ਪਹਿਲਾਂ ਕਰਵਾ ਲੈਣਾ। ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਸ਼ਿਮਲਾ ‘ਚ ਹੋਈ ਬਰਫ਼ਬਾਰੀ ਪਿੱਛੋਂ ਭਾਰੀ ਗਿਣਤੀ ਵਿਚ ਹੋਰਨਾਂ ਸੂਬਿਆਂ ਤੋਂ ਸੈਲਾਨੀ ਸ਼ਿਮਲਾ ਪੁੱਜ ਰਹੇ ਹਨ। ਅਜਿਹੇ ਵਿਚ ਸ਼ਹਿਰ ਦੇ ਜ਼ਿਆਦਾਤਰ ਹੋਟਲ ਭਰੇ ਪਏ ਹਨ। ਨਾਲ ਲੱਗਦੀਆਂ ਸੈਲਾਨੀ ਥਾਵਾਂ ਦੇ ਹੋਟਲ 90 ਫ਼ੀਸਦ ਤੱਕ ਭਰੀਆਂ ਪਈਆਂ ਹਨ। ਅਜਿਹੇ ਵਿਚ ਜੇ ਤੁਸੀਂ ਬਿਨਾਂ ਬੁਕਿੰਗ ਕਰਵਾਏ ਸ਼ਿਮਲਾ ਪੁੱਜਦੇ ਹੋ ਤਾਂ ਤੁਹਾਨੂੰ ਹੋਟਲ ਵਿਚ ਕਮਰਾ ਲੈਣ ਲਈ ਭਟਕਣਾ ਪੈ ਸਕਦਾ ਹੈ।
ਸਰਦਰੁੱਤ ਹੋਣ ਕਾਰਨ ਹੋਟਲਾਂ ਵਿਚ ਅਡਵਾਂਸ ਬੁਕਿੰਗ ਜ਼ੋਰਾਂ ’ਤੇ ਹੈ।
ਪੁਲਿਸ ਸੁਪਰਡੈਂਟ ਸ਼ਿਮਲਾ ਸੰਜੀਵ ਗਾਂਧੀ ਨੇ ਦੱਸਿਆ ਕਿ ਹਫ਼ਤੇ ਦੇ ਅਖ਼ੀਰ ਨੂੰ ਛੱਡ ਕੇ ਹੋਰਨਾਂ ਦਿਨਾਂ ਵਿਚ ਵੀ ਹਰ ਰੋਜ਼ 12 ਤੋਂ 15 ਹਜ਼ਾਰ ਵਾਹਨ ਹੋਰਨਾਂ ਸੂਬਿਆਂ ਵਿੱਚੋਂ ਸ਼ਿਮਲਾ ਪੁੱਜ ਰਹੇ ਹਨ। ਅਗਲੇ ਹਫ਼ਤੇ ਦੇ ਅਖ਼ੀਰ ਤੱਕ ਇਸ ਵਿਚ 20 ਹਜਾ਼ਰ ਤੱਕ ਦਾ ਵਾਧਾ ਹੋ ਸਕਦਾ ਹੈ। ਸੈਲਾਨੀਆਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਪੁਲਿਸ ਨੇ ਸ਼ਿਮਲਾ ਸ਼ਹਿਰ ਵਿਚ ਟ੍ਰੈਫਿਕ ਪੁਆਇੰਟਾਂ ਦੀ ਨਿਸ਼ਾਨਦੇਹੀ ਕਰ ਲਈ ਹੈ। ਇਸ ਤੋਂ ਇਲਾਵਾ ਵਧੀਕ ਪੁਲਿਸ ਬਲ ਤਾਇਨਾਤ ਕੀਤੇ ਹਨ।
ਇਹੀ ਨਹੀਂ, ਜੇ ਤੁਸੀਂ ਸ਼ਿਮਲਾ ਘੁੰਮਣ ਫਿਰਣ ਆ ਰਹੇ ਹੋ ਤਾਂ ਤੁਹਾਨੂੰ ਪਾਰਕਿੰਗ ਬਾਰੇ ਪਹਿਲਾਂ ਹੀ ਪਤਾ ਕਰਨਾ ਪਵੇਗਾ। ਸ਼ਿਮਲਾ ਵਿਚ ਭਾਰੀ ਗਿਣਤੀ ਵਿਚ ਸੈਲਾਨੀਆਂ ਦੇ ਆਉਣ ਕਰ ਕੇ ਪਾਰਕਿੰਗ ਥਾਵਾਂ ’ਤੇ ਵਾਹਨ ਲੱਗੇ ਹੋਏ ਹਨ। ਅਜਿਹੇ ਵਿਚ ਹੋਟਲ ਬੁਕ ਕਰਵਾਉਣ ਸਮੇਂ ਇਹ ਵੀ ਪਤਾ ਕੀਤਾ ਜਾਵੇ ਕਿ ਪਾਰਕਿੰਗਜ਼ ਵਿਚ ਥਾਂ ਹੈ ਕਿ ਨਹੀਂ, ਨਹੀਂ ਤਾਂ ਸ਼ਹਿਰ ਨੇੜਲੇ ਇਲਾਕਿਆਂ ਵਿਚ ਜਾ ਕੇ ਵਾਹਨ ਪਾਰਕ ਕਰਨੇ ਪੈਣਗੇ ਤੇ ਖ਼ੁਦ ਟੈਕਸੀ ਲੈ ਕੇ ਸ਼ਹਿਰ ਘੁੰਮਣਾ ਪਵੇਗਾ।
ਮੌਸਮ ਦੇ ਹਿਸਾਬ ਨਾਲ ਕਰੋ ਤਿਆਰੀ
ਆਉਣ ਵਾਲੇ ਦਿਨਾਂ ਵਿਚ ਸ਼ਿਮਲਾ ਵਿਚ ਮੀਂਹ ਪੈਣ ਤੇ ਬਰਫ਼ਬਾਰੀ ਦਾ ਅਨੁਮਾਨ ਹੈ। ਅਜਿਹੀਆਂ ਥਾਵਾਂ ’ਤੇ ਵਾਹਨ ਲੈ ਕੇ ਜਾਣ ਤੋਂ ਬਚਣਾ ਚਾਹੀਦਾ ਹੈ, ਜਿੱਥੇ ਪੈਰ ਫਿਸਲਣ ਦੀ ਸੰਭਾਵਨਾ ਹੁੰਦੀ ਹੈ। ਕੁਫਰੀ, ਛਰਾਬੜਾ ਤੇ ਮਸ਼ੋਬਰਾ ਵਿਚ ਬਰਫ਼ਬਾਰੀ ਕਾਰਨ ਵਾਹਨਾਂ ਦੇ ਫਿਸਲਣ ਦਾ ਖ਼ਦਸ਼ਾ ਵੱਧ ਜਾਂਦਾ ਹੈ। ਸੜਕ ਹਾਦਸੇ ਨਾ ਹੋਣ, ਇਸ ਲਈ ਤੁਹਾਨੂੰ ਮਾਨਸਿਕ ਪੱਖੋਂ ਤਿਆਰ ਰਹਿਣਾ ਪਵੇਗਾ।
ਪੁਲਿਸ ਕਰੇਗੀ ਮਦਦ
ਸੈਲਾਨੀਆਂ ਦੀ ਮਦਦ ਲਈ ਸ਼ਿਮਲਾ ਪੁਲਿਸ ਹਰ ਸੰਭਵ ਮਦਦ ਕਰੇਗੀ। ਮਾਲ ਰੋਡ ’ਤੇ ਬਣੇ ਪੁਲਿਸ ਕੰਟਰੋਲ ਰੂਮ ਤੋਂ ਇਲਾਵਾ ਪਾਰਕਿੰਗ ਬਾਰੇ ਵੀ ਪੁਲਿਸ ਦੱਸੇਗੀ। ਬਰਫ਼ਬਾਰੀ ਤੇ ਮੀਂਹ ਵਿਚ ਵੀ ਸੈਲਾਨੀਆਂ ਦੀ ਮਦਦ ਕਰਨ ਲਈ ਪੁਲਿਸ ਤਿਆਰ ਰਹੇਗੀ। ਜੇ ਕੋਈ ਵਾਹਨ ਚਾਲਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਾਂ ਕੋਈ ਨਸ਼ਾ ਲੈ ਕੇ ਆਉਂਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।