ਦਿਲਜੀਤ ਨੇ ਕਿਹਾ ਕਿ ਆਓ ਇੱਕ ਅੰਦੋਲਨ ਸ਼ੁਰੂ ਕਰੀਏ।
ਸੋਸ਼ਲ ਮੀਡੀਆ ਉਪਰ ਅੰਮ੍ਰਿਤਸਰ ਸ਼ਹਿਰ ਨੂੰ dry city ਐਲਾਨ ਦੇਣ ਬਾਰੇ ਬਹਿਸ ਚੱਲ ਰਹੀ ਹੈ। ਇਹ ਬਹਿਸ ਪ੍ਰਸਿੱਧ ਗਾਇਕ ਦਿਲਜੀਤ ਦੌਸਾਂਝ ਵੱਲੋਂ ਛੇੜੀ ਗਈ ਹੈ। ਉਨ੍ਹਾਂ ਨੇ ਕਿਹਾ, ‘‘ਮੇਰੇ ਕੋਲ ਇੱਕ ਪੇਸ਼ਕਸ਼ ਹੈ। ਮੈਂ ਜਿਸ ਵੀ ਸ਼ਹਿਰ ਵਿੱਚ ਪਰਫਾਰਮ ਕਰਾਂਗਾ, ਉੱਥੇ ਇੱਕ ਦਿਨ ਲਈ ਡਰਾਈ ਡੇ ਘੋਸ਼ਿਤ ਕਰੋ। ਮੈਂ ਸ਼ਰਾਬ ਬਾਰੇ ਗੀਤ ਨਹੀਂ ਗਾਵਾਂਗਾ।”
ਦਿਲਜੀਤ ਨੇ ਕਿਹਾ ਕਿ ਆਓ ਇੱਕ ਅੰਦੋਲਨ ਸ਼ੁਰੂ ਕਰੀਏ। ਜੇ ਸਾਰੇ ਰਾਜ ਆਪਣੇ ਆਪ ਨੂੰ ਡਰਾਈ ਸਟੇਟ ਐਲਾਨਦੇ ਹਨ, ਤਾਂ ਅਗਲੇ ਦਿਨ ਤੋਂ ਦਿਲਜੀਤ ਦੋਸਾਂਝ ਲਾਈਵ ਕੰਸਰਟ ਵਿੱਚ ਸ਼ਰਾਬ ’ਤੇ ਗੀਤ ਗਾਉਣਾ ਬੰਦ ਕਰ ਦੇਵੇਗਾ। ਉਨ੍ਹਾਂ ਕਿਹਾ, ‘‘ਮੈਂ ਤਾਂ ਚਾਹੁੰਦਾ ਹਾਂ ਕਿ ਸਾਡੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਾਹਿਬ ਨੂੰ dry city ਐਲਾਨ ਦਿੱਤਾ ਜਾਵੇ।’’
ਦਰਅਸਲ ਦਿਲਜੀਤ ਦੁਸਾਂਝ ਨੇ ਆਪਣੇ ਸੰਗੀਤ ਸਮਾਰੋਹ ਦੌਰਾਨ ਤਿਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਬਾਰੇ ਗੱਲ ਕਰਦਿਆਂ ਕਿਹਾ ਕਿ ਜੇ ਸਾਰੇ ਸੂਬੇ ਸ਼ਰਾਬ ’ਤੇ ਪਾਬੰਦੀ ਲਗਾਉਂਦੇ ਹਨ ਤਾਂ ਉਹ ਸ਼ਰਾਬ ਬਾਰੇ ਗੀਤ ਗਾਉਣਾ ਬੰਦ ਕਰ ਦੇਣਗੇ ਤੇ ਇਹ ਵੀ ਸਾਂਝਾ ਕੀਤਾ ਕਿ ਉਹ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ ਹੈ ਕਿਉਂਕਿ ਰਾਜ ਵਿੱਚ ਸ਼ਰਾਬ ’ਤੇ ਪਾਬੰਦੀ ਹੈ।
ਦਿਲਜੀਤ ਦੋਸਾਂਝ ਦੀ ਟਿੱਪਣੀ ਤਿਲੰਗਾਨਾ ਸਰਕਾਰ ਵੱਲੋਂ ਉਸ ਨੂੰ ਹੈਦਰਾਬਾਦ ਸੰਗੀਤ ਸਮਾਰੋਹ ਤੋਂ ਪਹਿਲਾਂ ਆਪਣੇ ਗੀਤਾਂ ਵਿੱਚ ਸ਼ਰਾਬ, ਨਸ਼ਿਆਂ ਤੇ ਹਿੰਸਾ ਨੂੰ ਉਤਸ਼ਾਹਿਤ ਨਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਆਈ ਹੈ।
ਅਹਿਮਦਾਬਾਦ ਵਿੱਚ ਆਪਣੇ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਵੀ ਮੈਂ ਸ਼ਰਾਬ ਬਾਰੇ ਕੋਈ ਗੀਤ ਨਹੀਂ ਗਾਵਾਂਗਾ। ਇਹ ਇਸ ਲਈ ਹੈ ਕਿਉਂਕਿ ਗੁਜਰਾਤ ਇੱਕ ਡਰਾਈ ਸੂਬਾ (dry state) ਹੈ ਭਾਵ ਉਥੇ ਸ਼ਰਾਬਬੰਦੀ ਲਾਗੂ ਹੈ।
ਉਨ੍ਹਾਂ ਕਿਹਾ, ‘‘ਇੱਥੇ ਸ਼ਰਾਬ ’ਤੇ ਪਾਬੰਦੀ ਹੈ, ਤਾਂ ਮੈਂ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ ਹਾਂ। ਮੈਂ ਖੁੱਲ੍ਹ ਕੇ ਗੁਜਰਾਤ ਸਰਕਾਰ ਦਾ ਸਮਰਥਨ ਕਰਦਾ ਹਾਂ।’’ ਦਿਲਜੀਤ ਨੇ ਐਲਾਨ ਕੀਤਾ ਕਿ ਤੁਸੀਂ ਦੇਸ਼ ਭਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰੋ, ਮੈਂ ਸ਼ਰਾਬ ’ਤੇ ਗੀਤ ਗਾਉਣੇ ਬੰਦ ਕਰ ਦੇਵਾਂਗਾ।
ਦਿਲਜੀਤ ਨੇ ਹੋਰ ਕਿਹਾ, “ਮੈਂ ਦਰਜਨਾਂ ਭਗਤੀ ਗੀਤ ਗਾਏ ਹਨ। ਮੈਂ ਪਿਛਲੇ 10 ਦਿਨਾਂ ਵਿੱਚ ਦੋ ਭਗਤੀ ਗੀਤ ਰਿਲੀਜ਼ ਕੀਤੇ ਹਨ ਪਰ ਕੋਈ ਵੀ ਉਸ ਬਾਰੇ ਗੱਲ ਨਹੀਂ ਕਰ ਰਿਹਾ। ਟੀਵੀ ’ਤੇ ਹਰ ਕੋਈ ਸਿਰਫ਼ ‘ਪਟਿਆਲਾ ਪੈੱਗ’ ਬਾਰੇ ਗੱਲ ਕਰ ਰਿਹਾ ਹੈ।”
ਦਿਲਜੀਤ ਨੇ 17 ਨਵੰਬਰ ਨੂੰ ਅਹਿਮਦਾਬਾਦ ਵਿੱਚ ਪਰਫਾਰਮ ਕੀਤਾ। ਉਸ (Diljit Dosanjh) ਦਾ ਅਗਲਾ ਸਟਾਪ ਲਖਨਊ ਹੈ। ਇਸ ਤੋਂ ਬਾਅਦ ਉਹ ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ ਅਤੇ ਚੰਡੀਗੜ੍ਹ ਵਿੱਚ ਪਰਫਾਰਮ ਕਰੇਗਾ। ਉਸ ਦਾ ਦੌਰਾ 29 ਦਸੰਬਰ ਨੂੰ ਗੁਹਾਟੀ ਵਿੱਚ ਸਮਾਪਤ ਹੋਵੇਗਾ।