ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਲੰਬੇ ਸਮੇਂ ਤੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ
ਤਨਖਾਹੀਆ ਐਲਾਨੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਮੁਸ਼ਕਲਾਂ ‘ਚ ਘਿਰੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਬੀਤੀ ਦਿਨੀਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਅਗੁਵਾਈ ਹੇਠ ਅੱਜ ਯਾਨੀ ਸੋਮਵਾਰ ਨੂੰ ਚੰਡੀਗੜ੍ਹ ‘ਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਵੇਗੀ, ਜਿਸ ‘ਚ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਜ਼ੂਰੀ ਨੂੰ ਲੈ ਕੇ ਫੈਸਲਾ ਲਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਲੰਬੇ ਸਮੇਂ ਤੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ, ਪਰ ਇਸ ਦੌਰਾਨ ਸੁਖਬੀਰ ਬਾਦਲ ਨੇ ਅਚਾਨਕ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜ਼ਲਦੀ ਹੀ ਤਨਖਾਹ ਲਗਾਈ ਜਾਵੇ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਚਾਨਕ ਅਸਤੀਫਾ ਦੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਅਸਤੀਫੇ ਦਾ ਸੁਧਾਰ ਲਹਿਰ ਨਾਲ ਕੋਈ ਸਬੰਧ ਨਹੀਂ, ਅਜੇ ਵੀ ਬਹੁਮਤ ਸੁਖਬੀਰ ਬਾਦਲ ਦੇ ਨਾਲ ਹੈ।
ਸੁਖਬੀਰ ਬਾਦਲ ਦਾ ਅਸਤੀਫਾ ਸੂਬੇ ਦੀ ਰਾਜਨੀਤੀ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁੱਝ ਸਿਆਸੀ ਆਗੂ ਇਸ ਨੂੰ ਸਿਰਫ਼ ਇੱਕ ਚਾਲ ਕਰਾਰ ਦੇ ਰਹੇ ਹਨ ਤੇ ਕੋਈ ਇਸ ਨੂੰ ਸਾਜ਼ਿਸ ਕਹਿ ਰਿਹਾ ਹੈ। ਇਹ ਵੀ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਕਰਕੇ ਐਨਡੀਏ ਦਾ ਹਿੱਸਾ ਬਣ ਸਕਦੀ ਹੈ।
ਵਰਕਿੰਗ ਕਮੇਟੀ ਦੀ ਹੋਣ ਵਾਲੀ ਬੈਠਕ ‘ਤੇ ਸਭ ਦੀ ਨਜ਼ਰ ਟਿੱਕੀ ਹੋਈ ਹੈ ਤੇ ਇਸ ਬੈਠਕ ‘ਚ ਕੀ ਫੈਸਲਾ ਲਿਆ ਜਾਂਦਾ ਹੈ ਇਹ ਦੇਖਣਯੋਗ ਹੋਵੇਗਾ, ਕਿਉਂਕਿ ਅੱਜ ਹੋਣ ਵਾਲੀ ਬੈਠਕ ਵਿੱਚ ਲਏ ਜਾਣ ਵਾਲੇ ਫੈਸਲਿਆਂ ਦਾ ਸ਼੍ਰਮਣੀ ਅਕਾਲੀ ਦਲ ਦੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ‘ਤੇ ਡੂੰਘਾ ਅਸਰ ਪੈ ਸਕਦਾ ਹੈ।