ਸਲਮਾਨ ਖਾਨ ਨੂੰ ਆਪਣੀ ਜਾਨ ਨੂੰ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ।
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸੁਰੱਖਿਆ ਭਾਵੇਂ ਵਧਾਈ ਗਈ ਹੋਵੇ ਪਰ ਉਨ੍ਹਾਂ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸਲਮਾਨ ਖਾਨ ਦੀ ਜਾਨ ਨੂੰ ਖਤਰਾ ਹੈ। ਉਹਨਾਂ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਦਰਅਸਲ, ਮੁੰਬਈ ਟ੍ਰੈਫਿਕ ਕੰਟਰੋਲ ਸੈੱਲ ਨੂੰ ਲਾਰੇਂਸ ਬਿਸ਼ਨੋਈ ਦੇ ਨਾਂ ‘ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ।
ਟਰੈਫਿਕ ਕੰਟਰੋਲ ਰੂਮ ਨੂੰ ਭੇਜੇ ਗਏ ਸੰਦੇਸ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਧਮਕੀ ਭਰਿਆ ਸੁਨੇਹਾ ਲਾਰੈਂਸ ਬਿਸ਼ਨੋਈ ਦੇ ਭਰਾ ਵੱਲੋਂ ਭੇਜਿਆ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਹ ਸਾਡੇ ਮੰਦਰ ‘ਚ ਜਾ ਕੇ ਮੁਆਫੀ ਮੰਗਣ ਜਾਂ 5 ਕਰੋੜ ਰੁਪਏ ਦੇਣ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਸਲਮਾਨ ਖਾਨ ਨੂੰ ਮਾਰ ਦੇਣਗੇ। ਇਸ ਮੈਸੇਜ ਵਿੱਚ ਲਿਖਿਆ ਹੈ ਕਿ ਸਾਡਾ ਗੈਂਗ ਅਜੇ ਵੀ ਸਰਗਰਮ ਹੈ।
ਸਲਮਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ
ਸਲਮਾਨ ਖਾਨ ਦੇ ਨਾਂ ‘ਤੇ ਇਸ ਧਮਕੀ ਭਰੇ ਸੰਦੇਸ਼ ਦੀ ਸੂਚਨਾ ਅੱਧੀ ਰਾਤ ਨੂੰ ਮਿਲੀ। ਪੁਲੀਸ ਅਨੁਸਾਰ ਜਦੋਂ ਟਰੈਫਿਕ ਕੰਟਰੋਲ ਰੂਮ ਵਿੱਚ ਕੰਮ ਕਰ ਰਹੇ ਅਧਿਕਾਰੀ ਨੇ ਕੱਲ੍ਹ (ਸੋਮਵਾਰ) ਅੱਧੀ ਰਾਤ ਨੂੰ ਇਹ ਸੁਨੇਹਾ ਪੜ੍ਹਿਆ ਤਾਂ ਉਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ। ਫਿਲਹਾਲ ਪੁਲਿਸ ਧਮਕੀ ਦੇਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਅਜਿਹਾ ਹੀ ਕੁਝ 5 ਦਿਨ ਪਹਿਲਾਂ ਵੀ ਹੋਇਆ ਸੀ। ਦਰਅਸਲ, 30 ਅਕਤੂਬਰ ਨੂੰ ਵੀ ਇੱਕ ਅਣਪਛਾਤੇ ਵਿਅਕਤੀ ਨੇ ਮੁੰਬਈ ਟ੍ਰੈਫਿਕ ਪੁਲਿਸ ਦੇ ਕੰਟਰੋਲ ਨੂੰ ਧਮਕੀ ਭਰਿਆ ਸੰਦੇਸ਼ ਭੇਜਿਆ ਸੀ। 2 ਕਰੋੜ ਰੁਪਏ ਦੀ ਮੰਗ ਵੀ ਕੀਤੀ ਸੀ। ਇਸ ਦੌਰਾਨ ਕਿਹਾ ਗਿਆ ਕਿ ਜੇਕਰ ਉਸ ਨੂੰ ਪੈਸੇ ਨਾ ਮਿਲੇ ਤਾਂ ਉਹ ਸਲਮਾਨ ਖਾਨ ਨੂੰ ਮਾਰ ਦੇਣਗੇ।
ਫਿਲਹਾਲ ਸਲਮਾਨ ਖਾਨ ਨੂੰ ਮਿਲੀ ਧਮਕੀ ਨੂੰ ਲੈ ਕੇ ਵਰਲੀ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਇਲਾਵਾ ਜਿਸ ਨੰਬਰ ਤੋਂ ਧਮਕੀ ਭਰਿਆ ਮੈਸੇਜ ਆਇਆ ਸੀ, ਉਸ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ।
ਕਈ ਵਾਰ ਮਿਲ ਚੁੱਕੀਆਂ ਹਨ ਧਮਕੀਆਂ
ਸਲਮਾਨ ਖਾਨ ਦੇ ਕਰੀਬੀ ਦੋਸਤ ਬਾਬਾ ਸਿੱਦੀਕੀ ਦੇ ਕਤਲ ਦੇ ਬਾਅਦ ਤੋਂ ਉਨ੍ਹਾਂ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪਰ ਧਮਕੀ ਭਰੇ ਸੰਦੇਸ਼ਾਂ ਦਾ ਸਿਲਸਿਲਾ ਬੰਦ ਨਹੀਂ ਹੋ ਰਿਹਾ। ਸਲਮਾਨ ਹੀ ਨਹੀਂ, ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਵੀ ਧਮਕੀਆਂ ਮਿਲੀਆਂ ਹਨ। ਲਾਰੈਂਸ ਬਿਸ਼ਨੋਈ ਦੇ ਸਾਥੀਆਂ ਨੂੰ ਇਨ੍ਹਾਂ ਧਮਕੀਆਂ ਅਤੇ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਦੇਖਿਆ ਗਿਆ ਹੈ। ਇਸ ਮਾਮਲੇ ‘ਚ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਫਿਲਹਾਲ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ‘ਸਿਕੰਦਰ’ ਦੀ ਸ਼ੂਟਿੰਗ ਲਈ ਹੈਦਰਾਬਾਦ ਗਏ ਹੋਏ ਹਨ। ਜਿੱਥੇ ਉਸ ਨੇ ਰਸ਼ਮਿਕਾ ਮੰਡਾਨਾ ਨਾਲ ਇੱਕ ਸਪੈਸ਼ਲ ਸੀਨ ਸ਼ੂਟ ਕਰਨਾ ਹੈ, ਜਿਸ ਨੂੰ ਪੂਰਾ ਕਰਨ ਤੋਂ ਬਾਅਦ ਉਹ ਮੁੰਬਈ ਵਾਪਸ ਆ ਜਾਵੇਗਾ।