ਇਹ ਤਿਉਹਾਰ ਜਿੱਥੇ ਇਤਿਹਾਸ ’ਤੇ ਇਕ ਤਰ੍ਹਾਂ ਦੀ ਪਿਛਲ ਝਾਤ ਹੈ, ਉੱਥੇ ਭਵਿੱਖੀ ਸੁਪਨਮਈ ਸੰਸਾਰ ਦਾ ਜਸ਼ਨ ਵੀ ਹੈ।
ਮੌਸਮ ’ਚ ਤਬਦੀਲੀ ਦੀ ਆਹਟ ਦੇ ਨਾਲ ਹੀ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਦੁਨੀਆ ਭਰ ਤੇ ਖ਼ਾਸ ਤੌਰ ’ਤੇ ਭਾਰਤੀ ਜਨ-ਮਾਨਸ ਵਿਚ ਉਤਸ਼ਾਹ ਦਾ ਸੰਚਾਰ ਹੈ। ਜ਼ਿੰਦਗੀ ਦੀ ਹਰ ਲੈਅ-ਤਾਲ ਵਿਚ ਰੁਮਾਨੀਅਤ ਪ੍ਰਤੀਤ ਹੁੰਦੀ ਹੈ। ਪਿਛਲੇ ਮੌਸਮਾਂ ਦੀਆਂ ਕੌੜੀਆਂ-ਕੁਸੈਲੀਆਂ ਯਾਦਾਂ ਨੂੰ ਭੁੱਲ ਕੇ ਨਵੇਂ ਮੌਸਮ ਦੀ ਆਮਦ ਦਾ ਇਸਤਕਬਾਲ ਕੀਤਾ ਜਾ ਰਿਹਾ ਹੈ। ਆਪਣਿਆਂ-ਬੇਗ਼ਾਨਿਆਂ ਨੂੰ ਗਲਵੱਕੜੀਆਂ ਪਾਈਆਂ ਜਾ ਰਹੀਆਂ ਹਨ।
ਇਹ ਤਿਉਹਾਰ ਜਿੱਥੇ ਇਤਿਹਾਸ ’ਤੇ ਇਕ ਤਰ੍ਹਾਂ ਦੀ ਪਿਛਲ ਝਾਤ ਹੈ, ਉੱਥੇ ਭਵਿੱਖੀ ਸੁਪਨਮਈ ਸੰਸਾਰ ਦਾ ਜਸ਼ਨ ਵੀ ਹੈ। ਭਾਰਤ ਦੇ ਲਗਪਗ ਸਾਰੇ ਧਰਮਾਂ ਦੇ ਇਸ਼ਟਾਂ ਦੇ ਮਾਣ-ਸਤਿਕਾਰ ਤੇ ਉਨ੍ਹਾਂ ਪ੍ਰਤੀ ਸ਼ਰਧਾ ਦਾ ਦਿਨ ਦੀਵਾਲੀ ਨਾਲ ਹੀ ਜੁੜਿਆ ਹੋਇਆ ਹੈ। ਧਾਰਮਿਕ ਪਿਛੋਕੜ ਕੋਈ ਵੀ ਹੋਵੇ ਪਰ ਇਹ ਦਿਨ ਕੁੱਲ ਕਾਇਨਾਤ ਵੱਲੋਂ ਖ਼ੁਸ਼ੀਆਂ ਮਨਾਉਣ ਦਾ ਦਿਨ ਹੈ। ਦੀਵਾਲੀ ਇਕ ਅਜਿਹਾ ਅਨੋਖਾ ਉਤਸਵ ਹੈ, ਜਿਸ ਦੀ ਛਟਾ ਸਾਰੇ ਪਾਸੇ ਦੇਖਣ ਨੂੰ ਮਿਲਦੀ ਹੈ।
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਸਾਡਾ ਸਭ ਤੋਂ ਵੱਡਾ ਤਿਉਹਾਰ ਹੈ। ਹੁਣ ਤਾਂ ਇਹ ਦੁਨੀਆ ਭਰ ਵਿਚ ਮਨਾਇਆ ਜਾਣ ਲੱਗਾ ਹੈ, ਨਾ ਸਿਰਫ਼ ਭਾਰਤੀ ਮੂਲ ਦੇ ਲੋਕਾਂ ਵੱਲੋਂ ਬਲਕਿ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵੱਲੋਂ ਵੀ। ਇਕ ਤਰ੍ਹਾਂ ਨਾਲ ਦੀਵਿਆਂ ਦਾ ਤਿਉਹਾਰ ਭਾਰਤੀਅਤਾ ਦੇ ਪ੍ਰਸਾਰ ਦਾ ਸਭ ਤੋਂ ਅਸਰਦਾਰ ਪ੍ਰਤੀਕ ਬਣ ਕੇ ਉੱਭਰਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਮੌਕੇ ਸਾਰਿਆਂ ਦੇ ਸੁੱਖ ਦੀ ਕਾਮਨਾ ਕੀਤੀ ਜਾਂਦੀ ਹੈ, ਉਹ ਚਾਹੇ ਕਿਸੇ ਵੀ ਜਾਤ, ਧਰਮ, ਨਸਲ ਜਾਂ ਕੌਮੀਅਤ ਦਾ ਹੋਵੇ। ਦੀਵਾਲੀ ਦਾ ਇਹੀ ਸੰਦੇਸ਼ ਉਸ ਨੂੰ ਆਲਮੀ ਪੱਧਰ ’ਤੇ ਤੇਜ਼ੀ ਨਾਲ ਹਰਮਨਪਿਆਰਾ ਉਤਸਵ ਬਣਾ ਰਿਹਾ ਹੈ।
ਇਹ ਸੰਦੇਸ਼ ਜਿੰਨਾ ਫੈਲੇਗਾ, ਦੁਨੀਆ ’ਚ ਸੁੱਖ, ਸ਼ਾਂਤੀ ਤੇ ਸਦਭਾਵਨਾ ਓਨੀ ਹੀ ਵਧੇਗੀ। ਦੀਵਾਲੀ ਦੀ ਮਹੱਤਤਾ ਸਿਰਫ਼ ਇਸ ਲਈ ਨਹੀਂ ਹੈ ਕਿ ਇਸ ਨੂੰ ਮਨਾਉਣ ਲਈ ਹਰ ਕੋਈ ਆਪਣੀ ਸਮਰੱਥਾ ਮੁਤਾਬਕ ਤਿਆਰੀਆਂ ਕਰਦਾ ਹੈ ਬਲਕਿ ਇਸ ਲਈ ਵੀ ਹੈ ਕਿ ਇਹ ਸਾਰਿਆਂ ’ਚ ਆਨੰਦ ਤੇ ਉਤਸ਼ਾਹ ਭਰਦੀ ਹੈ। ਇਹ ਜੀਵਨ ’ਚ ਬਹੁਤ ਕੁਝ ਨਵਾਂ ਸਿਰਜਣ ਦੀ ਪ੍ਰੇਰਨਾ ਦਿੰਦਾ ਹੈ। ਅਸੰਭਵ ਨੂੰ ਸੰਭਵ ਕਰਨ ਦੀ ਸ਼ਕਤੀ ਦਿੰਦਾ ਹੈ।
ਇਹ ਸਾਡੀਆਂ ਹਜ਼ਾਰਾਂ ਸਾਲ ਪੁਰਾਣੀਆਂ ਰਵਾਇਤਾਂ ਨਾਲ ਜੋੜਦੇ ਹੋਏ ਇਹ ਸੰਦੇਸ਼ ਦਿੰਦਾ ਹੈ ਕਿ ਅਸੀਂ ਇਕ ਪ੍ਰਾਚੀਨ ਰਾਸ਼ਟਰ ਹਾਂ ਅਤੇ ਅਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਹੈ ਅਤੇ ਉਸ ਨੂੰ ਸੰਭਾਲ ਕੇ ਵੀ ਰੱਖਣਾ ਹੈ। ਦੀਵਾਲੀ ਸਿਰਫ਼ ਰੋਸ਼ਨੀਆਂ ਦਾ ਹੀ ਤਿਉਹਾਰ ਨਹੀਂ ਹੈ, ਇਹ ਸੁੱਖ, ਖ਼ੁਸ਼ਹਾਲੀ ਤੇ ਸ਼ਾਨ ਦੀ ਮਹੱਤਤਾ ਨੂੰ ਦਰਸਾਉਣ ਵਾਲਾ ਇਕ ਵੱਡਾ ਤੇ ਅਨੋਖਾ ਆਯੋਜਨ ਹੈ। ਇਸ ਮੌਕੇ ਅਸੀਂ ਖ਼ੁਦ ਤੇ ਆਪਣਿਆਂ ਦੇ ਨਾਲ-ਨਾਲ ਹੋਰਾਂ ਦੇ ਭਲੇ ਦੀ ਵੀ ਕਾਮਨਾ ਕਰਦੇ ਹਾਂ ਕਿਉਂਕਿ ਇਹ ਸਾਡੇ ਸੱਭਿਆਚਾਰ ਦਾ ਮੂਲ ਭਾਵ ਹੈ।
ਇਸ ਭਾਵ ਨੂੰ ਬਣਾ ਕੇ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਚਾਰੇ ਪਾਸੇ ਸ਼ੁਭ ਹੋਵੇ, ਸਭ ਦਾ ਭਲਾ ਹੋਵੇ, ਹਰ ਤਰ੍ਹਾਂ ਦਾ ਹਨੇਰਾ ਮਿਟੇ ਤੇ ਸਾਰਿਆਂ ਦੇ ਜੀਵਨ ’ਚ ਖ਼ੁਸ਼ੀਆਂ ਭਰ ਜਾਣ, ਇਹ ਸਿਰਫ਼ ਸਾਡੀ ਖ਼ਾਹਿਸ਼ ਹੀ ਨਹੀਂ ਹੋਣੀ ਚਾਹੀਦੀ ਬਲਕਿ ਇਸ ਵਾਸਤੇ ਸਾਨੂੰ ਆਪੋ-ਆਪਣੇ ਪੱਧਰ ’ਤੇ ਯਤਨ ਵੀ ਕਰਨੇ ਚਾਹੀਦੇ ਹਨ।
ਦੀਵਾਲੀ ਇਹ ਚੰਗੀ ਤਰ੍ਹਾਂ ਦੱਸਦੀ ਹੈ ਕਿ ਮੰਗਲਮਈ ਜੀਵਨ ਦਾ ਇਕ ਆਧਾਰ ਖ਼ੁਸ਼ਹਾਲੀ ਹੈ ਤੇ ਇਹ ‘ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ’ ਦੇ ਸਿਧਾਂਤ ’ਤੇ ਅਮਲ ਕਰਨ ਨਾਲ ਹੀ ਸੰਭਵ ਹੈ। ਆਓ, ਕਾਮਨਾ ਕਰੀਏ ਕਿ ਰੋਸ਼ਨੀਆਂ ਦਾ ਇਹ ਤਿਉਹਾਰ ਸਭ ਲਈ ਸ਼ੁਭ ਹੋਵੇ ਤੇ ਖ਼ੁਸ਼ਹਾਲੀ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਏ।