ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ-ਮਾਪੇ ਮਿਲਣੀ (ਮੈਗਾ ਪੀਟੀਐਮ) ਦੌਰਾਨ 27 ਲੱਖ ਮਾਪਿਆਂ ਨੇ ਭਾਗ ਲਿਆ।
ਪੰਜਾਬ ਦੇ ਵੀਹ ਹਜ਼ਾਰ ਸਕੂਲਾਂ ਵਿੱਚ ਮੰਗਲਵਾਰ ਨੂੰ ਮੈਗਾ ਪੇਰੈਂਟਸ ਟੀਚਰ ਮੀਟਿੰਗ (PTM) ਕਰਵਾਈ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਵਿਧਾਇਕ ਤੇ ਮੰਤਰੀ ਆਪੋ-ਆਪਣੇ ਹਲਕਿਆਂ ਦੇ ਸਕੂਲਾਂ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਨੰਗਲ ਦੇ ਸਰਕਾਰੀ ਸਕੂਲ ਵਿੱਚ ਪਹੁੰਚੇ ਸੀਐਮ ਭਗਵੰਤ ਮਾਨ ਨੇ ਮਾਪਿਆਂ ਨੂੰ ਬੱਚਿਆਂ ਤੇ ਦਬਾਅ ਨਾ ਪਾਉਣ ਦੀ ਸਲਾਹ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੱਚੇ ਜੋ ਚਾਹੁੰਦੇ ਹਨ, ਉਨ੍ਹਾਂ ਨੂੰ ਕਰਨ ਦਿਓ। ਉਨ੍ਹਾਂ ਤੇ ਵਿਸ਼ਵਾਸ ਕਰੋ ਅਤੇ ਉਨ੍ਹਾਂ ਦੀ ਤਾਰੀਫ ਕਰੋ। ਪ੍ਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਦਿੱਤੀ ਹੈ। ਉਸ ਦੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ। ਕੁਝ ਬੱਚਿਆਂ ਦੀ ਲਿਖਾਈ ਸੁੰਦਰ ਹੁੰਦੀ ਹੈ ਅਤੇ ਕੁਝ ਖੇਡਦੇ ਵਧੀਆ ਹਨ।
ਉਨ੍ਹਾਂ ਕਿਹਾ ਕਿ ਕਈ ਵਾਰ ਸਾਨੂੰ ਬੱਚਿਆਂ ਤੋਂ ਬਹੁਤ ਜ਼ਿਆਦਾ ਉਮੀਦਾਂ ਵੀ ਹੁੰਦੀਆਂ ਹਨ। ਇਸ ਨਾਲ ਵੀ ਬੱਚਿਆਂ ‘ਤੇ ਦਬਾਅ ਬਣਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਐਲੋਨ ਮਸਕ ਦੀ ਕੰਪਨੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਤੁਹਾਨੂੰ ਆਪਣੇ ਕੰਮ ਵਿੱਚ ਇਸ ਤਰ੍ਹਾਂ ਮਾਹਰ ਬਣਨਾ ਚਾਹੀਦਾ ਹੈ ਕਿ ਕੋਈ ਤੁਹਾਡਾ ਵਿਕਲਪ ਨਾ ਬਣ ਸਕੇ।
ਦਸ ਹਜ਼ਾਰ ਵਿਦਿਆਰਥੀਆਂ ਨੂੰ ਮਿਲੀ ਬੱਸ ਦੀ ਸਹੂਲਤ
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਉਣ। ਬਾਕੀ ਕੰਮਾਂ ਲਈ ਹੋਰ ਲੋਕ ਤਾਇਨਾਤ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਚੱਲ ਰਹੀ ਬੱਸ ਸੇਵਾ ਦਾ 10 ਹਜ਼ਾਰ ਤੋਂ ਵੱਧ ਬੱਚੇ ਲਾਭ ਲੈ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ 7200 ਲੜਕੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਬੱਚਿਆਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਮਾਹੌਲ ਦੇਣ ਦੀ ਲੋੜ ਹੈ। ਸਾਡੀ ਸਰਕਾਰ ਨੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਲਾਸ ਰੂਮ ਵਿੱਚ ਜਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।