ਇਸ ਕਾਰਵਾਈ ਤਹਿਤ ਸਬੰਧਤ ਕਿਸਾਨ ਨੂੰ ਜੁਰਮਾਨਾ ਲਗਾਉਣਾ ਤੇ ਉਸ ਖ਼ਿਲਾਫ਼ ਕੇਸ ਦਰਜ ਕਰਨਾ ਸ਼ਾਮਿਲ ਹੈ।
ਸੂਬੇ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਸ਼ਹਿਰਾਂ ਦੀ ਹਵਾ ’ਚ ਪ੍ਰਦੂਸ਼ਣ ਦਾ ਪੱਧਰ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪ੍ਰਦੂਸ਼ਣ ਦਾ ਪੱਧਰ ਕਿਸ ਰਫ਼ਤਾਰ ਨਾਲ ਵਧ ਰਿਹਾ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਠਿੰਡਾ ’ਚ ਦਸ਼ਹਿਰੇ ਦੇ ਦਿਨ ਏਅਕ ਕੁਆਲਟੀ ਇੰਡੈਕਸ (ਏਕਿਊਆਈ) 500 ਤੱਕ ਪੁੱਜ ਗਿਆ ਹੈ।
ਇਸ ਪੱਧਰ ਨੂੰ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ ਤੇ ਇਸ ਹਵਾ ’ਚ ਲੰਬੇ ਸਮੇਂ ਤੱਕ ਸਾਹ ਲੈਣਾ ਸਿਹਤਮੰਦ ਲੋਕਾਂ ਲਈ ਵੀ ਹਾਨੀਕਾਰਕ ਹੈ। ਐਤਵਾਰ ਨੂੰ ਬਠਿੰਡਾ ’ਚ ਏਕਿਊਆਈ 344 ਦਰਜ ਕੀਤਾ ਗਿਆ ਜਿਹੜਾ ਹੁਣ ਵੀ ਸਿਹਤ ਲਈ ਮਾਰੂ ਹੈ। ਇਸ ਤਰ੍ਹਾਂ ਸੂਬੇ ਦੇ ਦੂਜੇ ਜ਼ਿਲਿ੍ਹਆਂ ’ਚ ਵੀ ਏਕਿਊਆਈ ਦਾ ਵਧਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ’ਚ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਜ਼ਿਲ੍ਹੇ ’ਚ ਕਿਤੇ ਵੀ ਪਰਾਲੀ ਸਾੜਨ ’ਤੇ ਫ਼ੌਰੀ ਕਾਰਵਾਈ ਕਰਦੀਆਂ ਹਨ।
ਇਸ ਕਾਰਵਾਈ ਤਹਿਤ ਸਬੰਧਤ ਕਿਸਾਨ ਨੂੰ ਜੁਰਮਾਨਾ ਲਗਾਉਣਾ ਤੇ ਉਸ ਖ਼ਿਲਾਫ਼ ਕੇਸ ਦਰਜ ਕਰਨਾ ਸ਼ਾਮਿਲ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਪਿਛਲੇ ਕੁਝ ਦਿਨਾਂ ’ਚ ਏਕਿਊਆਈ 100 ਤੋਂ ਵੱਧ ਹੈ।
ਇਸ ਤਰ੍ਹਾਂ ਦੀ ਹਵਾ ’ਚ ਸਾਹ ਲੈਣ ਨਾਲ ਫੇਫੜੇ, ਅਸਥਮਾ ਤੇ ਦਿਲ ਦੇ ਰੋਗ ਤੋਂ ਪੀੜਤ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ ਹੋ ਸਕਦੀ ਹੈ। ਸੂਬੇ ਦੇ ਜਿਨ੍ਹਾਂ ਜ਼ਿਲਿ੍ਹਆਂ ’ਚ ਏਕਿਊਆਈ 100 ਤੋਂ ਵੱਧ ਹੈ, ਉਨ੍ਹਾਂ ’ਚ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੰਡੀ ਗੋਬਿੰਦਗੜ੍ਹ, ਪਟਿਆਲਾ ਤੇ ਰੂਪਨਗਰ ਸ਼ਾਮਿਲ ਹਨ।
ਐਤਵਾਰ ਨੂੰ ਸੂਬੇ ’ਚ ਬਠਿੰਡਾ ਤੋਂ ਬਾਅਦ 121 ਏਕਿਊਆਈ ਨਾਲ ਲੁਧਿਆਣਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਇਸੇ ਤਰ੍ਹਾਂ 108 ਨਾਲ ਜਲੰਧਰ ਤੀਜੇ, 106 ਨਾਲ ਪਟਿਆਲਾ ਚੌਥੇ ਤੇ 102 ਏਕਿਆਈ ਨਾਲ ਅੰਮ੍ਰਿਤਸਰ ਪੰਜਵੇਂ ਸਥਾਨ ’ਤੇ ਰਿਹਾ। ਰੂਪਨਗਰ, ਖੰਨਾ ਤੇ ਮੰਡੀ ਗੋਬਿੰਦਗੜਵ ਦੇ ਏਕਿਊਆਈ ’ਚ ਐਤਵਾਰ ਨੂੰ ਸ਼ਨਿਚਰਵਾਰ ਦੇ ਮੁਕਾਬਲੇ ਬਹੁਤ ਸੁਧਾਰ ਹੋਇਆ ਹੈ।