ਅਰਮੀਨੀਆ ਦੀ ਜੇਲ੍ਹ ’ਚ ਫਸੇ ਰਾਮ ਲਾਲ ਦੇ ਭਰਾ ਰੋਸ਼ਨ ਲਾਲ ਨੇ ਸੰਤ ਸੀਚੇਵਾਲ ਨੂੰ ਦੱਸਿਆ
ਅਰਮੀਨੀਆ ’ਚ ਜਿਹੜੇ 12 ਪੰਜਾਬੀ ਮੁੰਡੇ ਜੇਲ੍ਹ ’ਚ ਫਸੇ ਹੋਏ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਮੁੰਡਿਆ ਨੂੰ ਅਰਮੀਨੀਆ ਦੀ ਜੇਲ੍ਹ ‘ਚੋਂ ਛੁਡਵਾਉਣ ਲਈ ਭਾਰਤ ਸਰਕਾਰ ਤਕ ਪਹੁੰਚ ਕਰਨ ਦੀ ਅਪੀਲ ਕੀਤੀ।
ਨਿਰਮਲ ਕੁਟੀਆ ਸੁਲਤਾਨਪੁਰ ਪਹੁੰਚੇ ਇਨ੍ਹਾਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਵੀ ਠੱਗ ਲਏ ਤੇ ਉਨ੍ਹਾਂ ਦੇ ਮੁੰਡਿਆਂ ਨੂੰ ਅਰਮੀਨੀਆ ਦੀ ਜੇਲ੍ਹ ’ਚ ਫਸਾ ਦਿੱਤਾ।
ਅਰਮੀਨੀਆ ਦੀ ਜੇਲ੍ਹ ’ਚ ਫਸੇ ਰਾਮ ਲਾਲ ਦੇ ਭਰਾ ਰੋਸ਼ਨ ਲਾਲ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਅਰਮੀਨੀਆ ਵਿਚ ਹੀ ਲਾਡੀ ਗਿੱਲ ਨਾਂਅ ਦੇ ਟ੍ਰੈਵਲ ਏਜੰਟ ਨੇ ਉਥੇ ਰਹਿੰਦੇ ਪੰਜਾਬੀ ਮੁੰਡਿਆਂ ਨੂੰ ਇਟਲੀ ਭੇਜਣ ਬਦਲੇ ਲੱਖਾਂ ਰੁਪਏ ਸਨ ਤੇ ਉਨ੍ਹਾਂ ਕੋਲੋ ਰਾਮ ਲਾਲ ਨੂੰ ਇਟਲੀ ਪਹੁੰਚਾਉਣ ਲਈ 9 ਲੱਖ ਰੁਪਏ ਲਏ ਸਨ।
ਪੰਜਾਬ ਤੋਂ ਅਰਮੀਨੀਆ ਪਹੁੰਚਾਉਣ ਵਾਲੇ ਏਜੰਟ ਨੇ ਸਾਢੇ ਤਿੰਨ ਲੱਖ ਰੁਪਏ ਲਏ ਸਨ। ਰੋਸ਼ਨ ਲਾਲ ਨੇ ਦੱਸਿਆ ਕਿ ਜਿਹੜੇ 7 ਮੁੰਡੇ ਇੱਕੋ ਦਿਨ ਅਰਮੀਨੀਆ ਫੌਜ ਵੱਲੋਂ ਫੜੇ ਸਨ ਉਨ੍ਹਾਂ ਵਿਚ 6 ਪੰਜਾਬੀ ਹਨ ਪਰ ਕੋਈ ਹਰਿਆਣਾ ਵਿਚ ਰਹਿੰਦਾ, ਕੋਈ ਯੂਪੀ ਵਿਚ ਰਹਿੰਦਾ ਹੈ ਤੇ ਇਕ ਮੁੰਡਾ ਕਲਕੱਤਾ ਦਾ ਵਾਸੀ ਹੈ।
ਰੋਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਦਸੰਬਰ-2023 ਨੂੰ ਅਰਮੀਨੀਆ ਚੱਲਿਆ ਗਿਆ ਸੀ ਪਰ ਉਥੇ ਲਾਡੀ ਗਿੱਲ ਨਾਂਅ ਦਾ ਟ੍ਰੈਵਲ ਏਜੰਟ 11 ਮਾਰਚ 2024 ਨੂੰ ਉਸ ਦੇ ਭਰਾ ਰਾਮ ਲਾਲ ਤੇ ਕੋਲਕੱਤਾ ਦੇ ਰਹਿਣ ਵਾਲੇ ਮੁਨੀਰ ਨੂੰ ਲੈ ਕੇ ਆਰਮੀਨੀਆ-ਜੌਰਜੀਆ ਸਰਹੱਦ ‘ਤੇ ਪਹੁੰਚੇ। ਉਥੇ ਪੰਜ ਮੁੰਡੇ ਪਹਿਲਾ ਹੀ ਲਾਡੀ ਗਿੱਲ ਨੇ ਲਿਆਂਦੇ ਹੋਏ ਸਨ।
ਇਸੇ ਤਰ੍ਹਾਂ 7 ਮੁੰਡਿਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਜੌਰਜ਼ੀਆ ਦੀ ਥੋੜ੍ਹੀ ਜਿਹੀ ਸਰਹੱਦ ਪਾਰ ਕਰਨੀ ਪੈਣੀ ਹੈ। ਰੋਸ਼ਨ ਲਾਲ ਨੇ ਦੱਸਿਆ ਕਿ ਅਰਮੀਨੀਆ ਦੀ ਸਰਹੱਦ ਤੋਂ ਇਕ ਕਿਲੋਮੀਟਰ ਪਹਿਲਾ ਹੀ ਉਥੇ ਦੀ ਫੌਜ ਨੇ 7 ਜਣਿਆਂ ਨੂੰ ਫੜ ਲਿਆ ਸੀ ਤੇ ਉਹ ਉਦੋਂ ਤੋਂ ਹੀ ਜੇਲ੍ਹ ਵਿਚ ਹਨ।
ਇਸੇ ਤਰ੍ਹਾਂ 20 ਸਾਲਾਂ ਗੁਰਜੰਟ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਦੇ ਭਰਾ ਨੇ ਦੱਸਿਆ ਕਿ ਗੁਰਜੰਟ ਸਿੰਘ 19 ਦਸੰਬਰ 2023 ਨੂੰ ਅਰਮੀਨੀਆ ਨੂੰ ਗਏ ਸਨ। ਮਲਕੀਤ ਸਿੰਘ ਨਾਂਅ ਦੇ ਏਜੰਟ ਨੇ ਸਾਢੇ ਚਾਰ ਲੱਖ ਰੁਪਏ ਲੈ ਕੇ ਅਰਮੀਨੀਆਂ ਵਿਚ ਚੰਗੀ ਨੌਕਰੀ ਦੁਆਉਣ ਦਾ ਭਰੋਸਾ ਦਿੱਤਾ ਸੀ। ਗੁਰਜੰਟ ਸਿੰਘ ਨੂੰ ਅਰਮੀਨੀਆ ਵਿਚ ਰਾਹੁਲ ਨਾਂਅ ਦਾ ਏਜੰਟ ਮਿਲਿਆ, ਜਿਸ ਨੇ ਪੁਰਤਗਾਲ ਸਾਢੇ ਤਿੰਨ ਲੱਖ ਲੱਖ ’ਚ ਪਹੁੰਚਾਉਣਾ ਸੀ ਪਰ 5 ਅਪ੍ਰੈਲ 2024 ਨੂੰ ਜੌਰਜੀਆਂ ਦੀ ਸਰਹੱਦ ਪਾਰ ਕਰਨ ਸਮੇਂ ਫੜੇ ਗਏ।
ਗੁਰਜੰਟ ਸਿੰਘ ਨਾਲ ਇੱਕ ਮੁੰਡਾ ਰਾਜਸਥਾਨ ਦਾ ਬਜਰੰਗ ਲਾਲ ਵੀ ਫੜਿਆ ਗਿਆ। ਸ਼ਾਹਕੋਟ ਦੇ ਪਿੰਡ ਸੰਗਤਪੁਰ ਤੋਂ ਅਰਮੀਨੀਆ ਗਏ 23 ਸਾਲਾਂ ਅਜੈ ਨਾਂਅ ਦਾ ਨੌਜਵਾਨ ਵੀ ਉਥੇ ਜੇਲ੍ਹ ਵਿਚ ਹੀ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੈ ਨੇ ਉਥੋਂ ਇਟਲੀ ਜਾਣਾ ਸੀ ਤੇ ਉਹ ਮਾਰਚ 2024 ਨੂੰ ਜੌਰਜ਼ੀਆ ਸਰਹੱਦ ਤੋਂ ਫੜਿਆ ਗਿਆ ਸੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਅਰਮੀਨੀਆ ਵਿੱਚ ਫਸੇ ਨੌਜਵਾਨਾਂ ਦੇ ਮਾਮਲੇ ’ਚ ਵਿਦੇਸ਼ ਮੰਤਾਰਲੇ ਨਾਲ ਰਾਬਤਾ ਰੱਖ ਰਹੇ ਹਨ ਤੇ ਅਰਮੀਨੀਆ ਵਿਚ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਟ੍ਰੈਵਲ ਏਜੰਟਾਂ ਦੇ ਹੱਥੀ ਨਾ ਚੜ੍ਹਨ। ਸਹੀ ਢੰਗ ਨਾਲ ਵਿਦੇਸ਼ਾਂ ਨੂੰ ਜਾਣ।
ਉਨ੍ਹਾਂ ਕਿਹਾ ਕਿ ਜਿਹੜੇ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਠੱਗਿਆ ਹੈ ਉਨ੍ਹਾਂ ਵਿਰੁੱਧ ਪੁਲਿਸ ਕੋਲ ਕੇਸ ਜ਼ਰੂਰ ਦਰਜ ਕਰਵਾਉਣ ਤਾਂ ਜੋ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।