ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਪਾਇਆ ਗਿਆ ਕਿ ਮੁਨੀਸ਼ ਉਰਫ ਮਨੀ ਅਤੇ ਲਲਿਤ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਸੰਗੀਨ ਧਾਰਾਵਾਂ ਹੇਠ ਪਰਚੇ ਦਰਜ ਹਨ।
ਕਪੂਰਥਲਾ ਪੁਲਿਸ ਵੱਲੋਂ ਮਿੱਕ ਮੋਬਾਇਲ ਸ਼ੋਅਰੂਮ ਕਪੂਰਥਲਾ ’ਤੇ ਬੀਤੇ ਦਿਨੀਂ ਗੋਲੀ ਚਲਾਉਣ ਵਾਲੇ ਕੌਸ਼ਲ ਚੌਧਰੀ ਗਰੁੱਪ ਦੇ 2 ਗੁਰਗੇ ਅਸਲ੍ਹੇ ਸਮੇਤ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਦੱਸਿਆ ਕਿ ਮਿਤੀ 07.10.2024 ਨੂੰ ਮਿੱਕ ਮੋਬਾਈਲ ਸ਼ੋਅਰੂਮ ’ਤੇ ਸਵੇਰੇ-ਸਵੇਰੇ ਸ਼ੋਅਰੂਮ ਖੁੱਲ੍ਹਦੇ ਸਮੇਂ 2 ਨਾਮਲੂਮ ਨੌਜਵਾਨਾਂ ਵੱਲੋਂ 5 ਕਰੋੜ ਰੁਪਏ ਦੀ ਪਰਚੀ ਸੁੱਟ ਕੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਗਏ ਸਨ ਅਤੇ ਫਾਇਰ ਕਰਨ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ ਸਨ, ਜਿਸ ਸਬੰਧੀ ਨਰੇਸ਼ ਕੁਮਾਰ ਉਰਫ ਟੀਨੂ ਪੁੱਤਰ ਤਿਲਕ ਰਾਜ ਮਲਹੋਤਰਾ ਵਾਸੀ ਮਕਾਨ ਨੰਬਰ 01 ਵਸੰਤ ਵਿਹਾਰ ਥਾਣਾ ਅਰਬਨ ਅਸਟੇਟ ਕਪੂਰਥਲਾ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 256 ਮਿਤੀ 7.10.2024 ਅ/ਧ 109, 308 (5), 324 4), 61 (2), 111 ਬੀ.ਐਨ.ਐਸ 25 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਰਾੲ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ ਦੀ ਸੁਪਰਵਿਜ਼ਨ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤਿਆਰ ਕੀਤੀ ਗਈ ਸੀ ਜਿਨ੍ਹਾਂ ਨੇ ਮੌਕੇ ਤੇ ਪੁੱਜ ਕੇ ਹਿਊਮਨ ਅਤੇ ਟੈਕਨੀਕਲ ਤਰੀਕੇ ਨਾਲ ਸਾਰੇ ਪਹਿਲੂਆਂ ਤੋਂ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਨਰੇਸ਼ ਕੁਮਾਰ ਉਰਫ ਟੀਨੂ ਪਾਸੋਂ ਫਿਰੋਤੀ ਮੰਗਣ ਸਬੰਧੀ ਆਈਆਂ ਫੋਨ ਕਾਲਾਂ ਦੀ ਆਵਾਜ ਦਾ ਵਿਸ਼ਲੇਸ਼ਣ ਲੈਬੋਟਰੀ ਤੋਂ ਕਰਵਾਇਆ। ਇਸ ਤੋਂ ਪਤਾ ਲੱਗਿਆ ਕਿ ਸੌਰਵ ਗੰਡੋਲੀ ਦੇ ਨਾਂ ‘ਤੇ ਜੋ ਫੋਨ ਕਰ ਕੇ 5 ਕਰੋੜ ਰੁਪਏ ਫਿਰੌਤੀ ਦੀ ਮੰਗ ਕਰ ਰਿਹਾ ਸੀ, ਉਸ ਦਾ ਅਸਲ ਨਾਮ ਪਵਨ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਮੰਗੋਲਪੁਰ ਰੋਹਿਨੀ ਦਿੱਲੀ ਹੈ।
ਇਨਵੈਸਟੀਗੇਸ਼ਨ ਟੀਮ ਨੇ ਦਿੱਲੀ ਪੁੱਜ ਕੇ ਤਫਤੀਸ਼ ਕੀਤੀ ਤਾਂ ਪਾਇਆ ਗਿਆ ਕਿ ਪਵਨ ਕੁਮਾਰ ਖਿਲਾਫ ਪਹਿਲਾਂ ਵੀ ਕਤਲ ਦੇ ਅਤੇ ਫਿਰੌਤੀ ਮੰਗਣ ਸਬੰਧੀ ਵੱਖ-ਵੱਖ ਸਟੇਟਾਂ ਵਿੱਚ ਮੁਕੱਦਮੇ ਦਰਜ ਹਨ ਜਿਹਨਾਂ ਵਿੱਚ ਭਗੌੜਾ ਹੈ। ਉਹ ਕੌਸ਼ਲ ਚੌਧਰੀ ਗਰੁੱਪ ਨਾਲ ਮਿਲਿਆ ਹੋਇਆ ਹੈ ਤੇ ਇਸ ਗੈਂਗ ਦੇ ਕਹਿਣ ਤੇ ਗੋਲੀਆਂ ਚਲਵਾ ਕੇ ਫਿਰੌਤੀਆਂ ਮੰਗਣ ਦਾ ਕੰਮ ਕਰਦਾ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਸ ਵਾਰਦਾਤ ਨੂੰ ਟਰੇਸ ਕਰਦਿਆਂ ਹੋਇਆ ਮਿਤੀ 25 ਅਕਤੂਬਰ ਨੂੰ ਮੁਨੀਸ਼ ਉਰਫ ਮਨੀ ਪੁੱਤਰ ਰਣਵੀਰ ਅਤੇ ਲਲਿਤ ਕੁਮਾਰ ਪੁੱਤਰ ਜਗਪਾਲ ਸਿੰਘ ਵਾਸੀਆਨ ਦੁਧੌਲਾ ਥਾਣਾ ਗਦਪੁਰੀ ਪਲਵਲ ਸਟੇਟ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੀ ਨਿਸ਼ਾਨਦੇਹੀ ਤੇ ਵਾਰਦਾਤ ਵਿੱਚ ਵਰਤੇ ਗਏ 02 ਦੇਸੀ ਪਿਸਟਲ ਅਤੇ 07 ਜਿੰਦਾ ਰੌਂਦ ਬ੍ਰਾਮਦ ਕੀਤੇ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਪਾਇਆ ਗਿਆ ਕਿ ਮੁਨੀਸ਼ ਉਰਫ ਮਨੀ ਅਤੇ ਲਲਿਤ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਸੰਗੀਨ ਧਾਰਾਵਾਂ ਹੇਠ ਪਰਚੇ ਦਰਜ ਹਨ।