ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਸਜ਼ਾ ‘ਤੇ ਕੋਰਟ ਨੇ 18 ਫਰਵਰੀ ਨੂੰ ਬਹਿਸ ਦੀ ਤਾਰੀਕ ਤੈਅ ਕੀਤੀ ਸੀ
ਸਿੱਖ ਨੁਸ਼ਲਕੁਸ਼ੀ (1984) ਦੌਰਾਨ ਹੋਏ ਦੋ ਕਤਲ ਦੇ ਮਾਮਲਿਆਂ ਵਿੱਚ ਦੋਸ਼ੀ ਕਾਂਗਰਸ ਆਗੂ ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਮੰਗਲਵਾਰ ਨੂੰ ਬਹਿਮ ਤੋਂ ਬਾਅਦ 21 ਫਰਵਰੀ ਲਈ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਇਸ ਤੋਂ ਪਹਿਲਾਂ ਬੀਤੀ 12 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ 18 ਫਰਵਰੀ ਨੂੰ ਦੋਵਾਂ ਧਿਰਾਂ ਵਿਚਾਲੇ ਅੰਤਿਮ ਬਹਿਸ ਲਈ ਸਮਾਂ ਦਿੱਤਾ ਸੀ। ਜਿਸਤੋਂ ਬਾਅਦ ਅੱਜ ਬਹਿਸ ਤੋਂ ਬਾਅਦ ਕੋਰਟ ਨੇ 21 ਫਰਵਰੀ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਸੁਣਾਇਆ ਹੈ।
ਦੱਸ ਦੇਈਏ ਕਿ ਇਹ ਮਾਮਲਾ 1 ਨਵੰਬਰ 1984 ਦਾ ਹੈ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿ4ਚ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ ਇੱਥੋਂ ਦੇ ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ ਨੂੰ ਇਸੇ ਮਾਮਲੇ ਵਿੱਚ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਦਰਅਸਲ, ਅੱਜ ਸਜ਼ਾ ਦੇ ਐਲਾਨ ਤੋਂ ਪਹਿਲਾਂ, ਪੀੜਤ ਪੱਖ ਨੇ ਸੱਜਣ ਨੂੰ ਮੌਤ ਦੀ ਸਜ਼ਾ ਦੀ ਅਪੀਲ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਸਜ਼ਾ ਨਹੀਂ ਸੁਣਾਈ ਅਤੇ ਵੀਰਵਾਰ ਤੱਕ ਇਸਨੂੰ ਸੁਰੱਖਿਅਤ ਰੱਖ ਲਿਆ
ਵਕੀਲ ਨੇ ਨਿਰਭਿਆ ਕੇਸ ਦਾ ਦਿੱਤਾ ਹਵਾਲਾ
ਬੁੱਧਵਾਰ ਨੂੰ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਨਿਰਭਿਆ ਕੇਸ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਮਾਮਲੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਵਕੀਲ ਨੇ ਆਪਣਾ ਹਲਫ਼ਨਾਮਾ ਲਿਖਤੀ ਰੂਪ ਵਿੱਚ ਅਦਾਲਤ ਵਿੱਚ ਜਮ੍ਹਾਂ ਕਰਵਾਇਆ।
ਸੱਜਣ ਪਹਿਲਾਂ ਹੀ ਇੱਕ ਹੋਰ ਮਾਮਲੇ ਵਿੱਚ ਪਹਿਲਾਂ ਹੀ ਉਮਰ ਕੈਦ
ਸੱਜਣ ਵਿਰੁੱਧ ਦਿੱਲੀ ਦੰਗਿਆਂ ਵਿੱਚ 3 ਤੋਂ ਵੱਧ ਮਾਮਲੇ ਚੱਲ ਰਹੇ ਹਨ। ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦਸੰਬਰ 2018 ਵਿੱਚ, ਦਿੱਲੀ ਹਾਈ ਕੋਰਟ ਦੇ ਦੋਹਰੇ ਬੈਂਚ ਨੇ ਉਨ੍ਹਾਂ ਨੂੰ ਹਿੰਸਾ ਅਤੇ ਦੰਗੇ ਭੜਕਾਉਣ ਦਾ ਦੋਸ਼ੀ ਪਾਇਆ ਸੀ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਇਸ ਵੇਲੇ ਸੱਜਣ ਤਿਹਾੜ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ।
ਕੌਣ ਹੈ ਸੱਜਣ ਕੁਮਾਰ ?
23 ਸਤੰਬਰ 1945 ਨੂੰ ਜਨਮੇ ਸੱਜਣ ਕੁਮਾਰ ਨੇ ਆਪਣੀ ਜ਼ਿਆਦਾਤਰ ਸਿਆਸਤ ਦਿੱਲੀ ਵਿੱਚ ਹੀ ਕੀਤੀ। ਕਿਹਾ ਜਾਂਦਾ ਹੈ ਕਿ ਉਸਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਸ਼ੁਰੂ ਵਿੱਚ, ਉਹ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। 1970 ਤੋਂ 80 ਦਾ ਦਹਾਕਾ ਸਿਆਸੀ ਉੱਥਲ ਪੁੱਥਲ ਵਾਲਾ ਰਿਹਾ। ਇਸ ਉੱਥਲ ਪੁੱਥਲ ਦੌਰਾਨ ਸੱਜਣ ਦੀ ਦਿਲਚਸਪੀ ਸਿਆਸਤ ਵਿੱਚ ਵਧ ਗਈ ਜਿਸ ਤੋਂ ਬਾਅਦ ਉਹ ਸਿਆਸੀ ਜਲਸਿਆਂ ਵਿੱਚ ਸ਼ਾਮਿਲ ਹੋਣ ਲੱਗਾ।
ਸੱਜਣ ਕੁਮਾਰ ਨੇ ਐਮਰਜੈਂਸੀ ਦੌਰਾਨ ਸਿਆਸਤ ਵਿੱਚ ਪੈਰ ਰੱਖਿਆ ਅਤੇ 1977 ਵਿੱਚ ਦਿੱਲੀ ਨਗਰ ਨਿਗਮ ਲਈ ਕੌਂਸਲਰ ਚੁਣੇ ਗਏ ਅਤੇ ਇਹ ਉਹ ਸਮਾਂ ਸੀ ਜਦੋਂ ਕਾਂਗਰਸ ਦੇ ਨਗਰ ਨਿਗਮ ਵਿੱਚ ਬਹੁਤ ਘੱਟ ਕੌਂਸਲਰ ਚੁਣੇ ਗਏ ਸਨ। ਜਿਸ ਕਾਰਨ ਉਸ ਦਾ ਸਿਆਸੀ ਕੱਦ ਵਧ ਗਿਆ ਅਤੇ ਸੱਜਣ ਕੁਮਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (ਡੀਪੀਸੀਸੀ) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਤੋਂ ਬਾਅਦ ਕਾਂਗਰਸ ਵਿੱਚ ਸੱਜਣ ਦਾ ਦਬਦਬਾ ਵਧਦਾ ਰਿਹਾ। 3 ਸਾਲ ਬਾਅਦ ਹੀ ਸੱਜਣ ਨੇ ਲੋਕ ਸਭਾ ਦੀ ਚੋਣ ਲੜੀ ਅਤੇ ਜਿੱਤ ਕੇ ਪਹਿਲੀ ਵਾਰ ਸਾਂਸਦ ਚੁਣੇ ਗਏ। ਉਸ ਨੇ ਦਿੱਲੀ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਬ੍ਰਹਮਾ ਪ੍ਰਕਾਸ਼ ਨੂੰ ਹਰਾਇਆ ਜਿਸ ਕਾਰਨ ਉਸ ਦਾ ਸਿਆਸੀ ਕੱਦ ਹੋਰ ਵੀ ਵਧ ਗਿਆ। ਜਿਸ ਤੋਂ ਬਾਅਦ ਇਸੇ ਕਾਰਜਕਾਲ ਦੌਰਾਨ ਉਸ ਨੂੰ ਲੋਕ ਸਭਾ ਵਿੱਚ ਵਰਕਸ ਅਤੇ ਹਾਊਸਿੰਗ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਬਣਾਇਆ ਗਿਆ।
ਇਸ ਸਮੇਂ ਤੱਕ ਸੱਜਣ ਕੁਮਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਸੰਜੈ ਗਾਂਧੀ ਦੇ ਨਜ਼ਦੀਕੀ ਬਣ ਗਏ। ਇਸ ਤੋਂ ਬਾਅਦ 1991 ਵਿੱਚ ਮੁੜ ਉਸ ਨੇ ਲੋਕ ਸਭਾ ਦੀ ਚੋਣ ਜਿੱਤੀ।
1984 ਸਿੱਖ ਨਸ਼ਲਕੁਸ਼ੀ
ਤਤਕਾਲੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਿੱਖਾਂ ਨੂੰ ਪਹਿਚਾਣ ਕਰਕੇ ਕਤਲ ਕੀਤਾ ਗਿਆ। ਦਿੱਲੀ ਵਿੱਚ 2 ਕਾਂਗਰਸੀ ਲੀਡਰਾਂ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਨੇ ਇਸ ਨਸ਼ਲਕੁਸ਼ੀ ਦੀ ਅਗਵਾਈ ਕੀਤੀ। ਇਹ ਨਸ਼ਲਕੁਸ਼ੀ ਕਈ ਦਿਨਾਂ ਤੱਕ ਚਲਦੀ ਰਹੀ। ਜਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵਿਵਾਦਤ ਬਿਆਨ ਦਿੱਤਾ ਸੀ। ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ।
ਸਭ ਤੋਂ ਵੱਡੀ ਜਿੱਤ
ਸੱਜਣ ਕੁਮਾਰ ਦੀ ਸਿਆਸੀ ਜਿੰਦਗੀ ਵਿੱਚ ਉਹਨਾਂ ਨੇ ਸਭ ਤੋਂ ਵੱਡੀ ਸਿਆਸੀ ਜਿੱਤ ਸਾਲ 2004 ਵਿੱਚ ਹਾਸਿਲ ਕੀਤੀ। ਉਹ 8 ਲੱਖ 55 ਹਜ਼ਾਰ 543 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਲੋਕ ਸਭਾ ਪਹੁੰਚੇ। ਪਰ 1984 ਸਿੱਖ ਨਸ਼ਲਕੁਸ਼ੀ ਵਾਲੇ ਇਲਜ਼ਾਮਾਂ ਨੇ ਸੱਜਣ ਦਾ ਪਿੱਛਾ ਨਾ ਛੱਡਿਆ। ਇੱਕ ਸਮਾਂ ਅਜਿਹਾ ਵੀ ਆਇਆ ਕਿ ਇਹਨਾਂ ਮਾਮਲਿਆਂ ਨੇ ਉਨ੍ਹਾਂ ਦਾ ਸਿਆਸੀ ਜੀਵਨ ਹੀ ਖ਼ਤਮ ਕਰ ਦਿੱਤਾ।