ਐੱਸਐੱਸਪੀ ਗੁਰਨੀਤ ਸਿੰਘ ਖੁਰਾਨਾ ਦੇ ਵਿਸ਼ੇਸ਼ ਹੁਕਮ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਨੂੰ ਇੰਨ ਬਿੰਨ ਲਾਗੂ ਕਰਨ ਸਬੰਧੀ ਡੀਐੱਸਪੀ ਅਜੈ ਸਿੰਘ, ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਐੱਸਐੱਚਓ ਜਤਿਨ ਕਪੂਰ ਨੇ ਦੱਸਿਆ ਕਿ ਸੰਗਤ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ
ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦਾ ਪਹਿਲਾ ਪੜਾਅ ਤਿੰਨ ਰੋਜ਼ਾ ਮੇਲਾ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ 21 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋਵੇਗਾ ਜਿਸ ਦੀ ਸਮਾਪਤੀ 23 ਮਾਰਚ ਨੂੰ ਅਰਦਾਸ ਉਪਰੰਤ ਹੋਵੇਗੀ। ਮੇਲੇ ਨੂੰ ਲੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੁੜੀਂਦੇ ਇੰਤਜ਼ਾਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ।
ਮੇਲੇ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਤ ਮੈਨਜਰ ਹਰਦੇਵ ਸਿੰਘ ਹੈਪੀ, ਗੁਰਦੁਆਰਾ ਪਤਾਲਪੁਰੀ ਦੇ ਇੰਚਾਰਜ ਸੰਦੀਪ ਸਿੰਘ ਕਲੋਤਾ, ਗੁਰਦੁਆਰਾ ਬਾਬਾ ਗੁਰਦਿੱਤਾ ਦੇ ਇੰਚਾਰਜ ਅਮਰਜੀਤ ਸਿੰਘ ਬਾੜੀਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਦੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਪ੍ਰਤਾਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਭਾਈ ਅਮਰਜੀਤ ਸਿੰਘ ਚਾਵਲਾ ਤੇ ਦਲਜੀਤ ਸਿੰਘ ਭਿੰਡਰ ਦੀ ਅਗਵਾਈ ਹੇਠ ਸੰਗਤ ਦੀ ਆਮਦ ਨੂੰ ਲੈ ਕੇ ਰਿਹਾਇਸ਼, ਲੰਗਰ, ਜੋੜਾ ਘਰ, ਗੱਠੜੀ ਘਰ, ਵਾਹਨਾਂ ਦੀ ਪਾਰਕਿੰਗ ਆਦਿ ਦੇ ਖਾਸ ਪ੍ਰਬੰਧ ਕੀਤੇ ਗਏ ਹਨ।
ਇਕੱਲੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼ ਲਈ 5 ਹਜ਼ਾਰ ਸੰਗਤ ਦੀ ਸਮਰੱਥਾ ਵਾਲੇ ਦੋ ਵੱਡੇ ਵਾਟਰ ਪਰੂਫ਼ ਟੈਂਟ ਲਾਏ ਗਏ ਹਨ। ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰੂਘਰਾਂ ਗੁਰਦੁਆਰਾ ਪਤਾਲਪੁਰੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਸ਼ੀਸ਼ ਮਹਿਲ, ਗੁਰਦੁਆਰਾ ਚਰਨ ਕੰਵਲ, ਬਿਬਾਣਗੜ੍ਹ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਤੀਰ ਸਾਹਿਬ ਸਾਰੇ ਗੁਰਧਾਮਾਂ ਨੂੰ ਸਾਫ-ਸਫਾਈ ਤੇ ਰੰਗ ਰੋਗਨ ਕਰਕੇ ਸਜਾਇਆ ਤੇ ਸੰਵਾਰਿਆ ਗਿਆ ਹੈ। ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਰੰਗ-ਬੰਰਗੀਆਂ ਲੜੀਆਂ ਤੇ ਸੁੰਦਰ ਗੇਟ ਲਗਾਏ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤ ਦੇਣ ਦੇ ਨਿਰਦੇਸ਼ਾ ਮਗਰੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪੱਬਾਂ ਭਾਰ ਹੋਇਆ ਪਿਆ ਹੈ। ਦੇਸ਼-ਵਿਦੇਸ਼ ਤੋਂ ਆਉਣ ਵਾਲੀ ਕੀਰਤਪੁਰ ਸਾਹਿਬ ਤੇ ਫਿਰ ਅਨੰਦਪੁਰ ਸਾਹਿਬ ਨਤਮਸਤਕ ਹੋਣ ਜਾਣ ਵਾਲੀ ਸੰਗਤ ਲਈ ਪੁਖ਼ਤਾ ਇੰਤਜ਼ਾਮ ਕਰਨ ਲਈ ਵਿਭਾਗਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਦੇ ਹੁਕਮ ਦਿਤੇ ਗਏ ਹਨ।
ਐੱਸਐੱਸਪੀ ਗੁਰਨੀਤ ਸਿੰਘ ਖੁਰਾਨਾ ਦੇ ਵਿਸ਼ੇਸ਼ ਹੁਕਮ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਨੂੰ ਇੰਨ ਬਿੰਨ ਲਾਗੂ ਕਰਨ ਸਬੰਧੀ ਡੀਐੱਸਪੀ ਅਜੈ ਸਿੰਘ, ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਐੱਸਐੱਚਓ ਜਤਿਨ ਕਪੂਰ ਨੇ ਦੱਸਿਆ ਕਿ ਸੰਗਤ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਟੈ੍ਰਫ਼ਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਵਿਸ਼ੇਸ਼ ਤੌਰ ਗੁਰਦੁਆਰਾ ਸਾਹਿਬਾਨਾਂ ਨਜ਼ਦੀਕ ਵਾਹਨਾਂ ਦੀ ਪਾਰਕਿੰਗ ਦਾ ਯੋਗ ਪ੍ਰਬੰਧ ਕੀਤਾ ਹੈ। ਮੇਲੇ ਨੂੰ ਵੇਖਦੇ ਹੋਏ ਬਾਹਰੋਂ ਵਾਧੂ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵਾਹਨਾਂ ਨੂੰ ਸਚਾਰੂ ਰੂਪ ਵਿਚ ਚੱਲਦਾ ਰੱਖਣ ਲਈ ਰੂਟ ਪਲਾਨ ਬਣਾਇਆ ਗਿਆ ਹੈ।
ਮੇਲੇ ਦੌਰਾਨ 100 ਸੇਵਾਦਾਰ, 100 ਗ੍ਰੰਥੀ ਸਿੰਘ ਤੇ ਪਾਠੀ ਸਿੰਘ ਵਾਧੂ ਲਾਏ ਗਏ ਹਨ। ਗੁਰਦੁਆਰਾ ਪਤਾਲਪੁਰੀ ਵਿਖੇ ਸ੍ਰੀ ਗੁਰੁ ਹਰਿ ਰਾਏ ਸਾਹਿਬ ਸਰ੍ਹਾਂ ਦੇ 65 ਕਮਰੇ ਕਮਰੇ ਰੰਗ ਰੋਗਨ ਕਰ ਕੇ ਸੰਗਤਾਂ ਦੀ ਸਹੂਲਤ ਲਈ ਤਿਆਰ ਕੀਤੇ ਗਏ ਹਨ ਜਿਸ ਨਾਲ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ। ਦੇਸ਼-ਵਿਦੇਸ਼ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹੁੰਮ-ਹੁੰਮਾ ਕਿ ਇਸ ਕੌਮੀ ਤਿਉਹਾਰ ਵਿਚ ਸਾਮਲ ਹੋ ਕਿ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਮੇਲੇ ਦੀਆਂ ਰੋਣਕਾਂ ਵਧਾਉਣ।