ਹਰ ਕੋਈ ਅਮਰੀਕਾ ਜਾਂ ਫਿਰ ਕੈਨੇਡਾ ਪਹੁੰਚਣਾ ਚਾਹੁੰਦਾ ਹੈ। ਇਸ ਦੇ ਲਈ ਕਈ ਜੁਗਾੜ ਲਗਾਏ ਜਾ ਰਹੇ ਹਨ। ਕਈ ਤਾਂ ਦੋ ਨੰਬਰ ਯਾਨੀ ਬਿਨਾ ਕਾਗਜ਼ਾਂ ਤੋਂ ਹੀ ਵਿਦੇਸ਼ ਪਹੁੰਚ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ ਵਿੱਚ ਆਇਆ ਹੈ।
ਇਹ ਕੇਸ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਵਿਚ ਆਏ ਦੋ ਕਰੂ ਮੈਂਬਰਾਂ ਨਾਲ ਸਬੰਧਤ ਹੈ ਜੋ ਫਲਾਈਟ ਲੈਂਟ ਹੁੰਦਿਆਂ ਹੀ ਕਬੂਤਰ ਹੋ ਗਏ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਬੁਲਾਰੇ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ। ਪਾਕਿਸਤਾਨੀ ਅਖਬਾਰ ‘ਦਾ ਡਾਨ ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਇਨ੍ਹਾਂ ਦੋ ਕਰੂ ਮੈਂਬਰਾਂ ਦੇ ਹਵਾਈ ਅੱਡੇ ਤੋਂ ਫਰਾਰ ਹੋਣ ਮਗਰੋਂ ਕਬੂਤਰ ਬਣੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਮੁਲਾਜ਼ਮਾਂ ਦੀ ਗਿਣਤੀ ਚਾਰ ਹੋ ਗਈ ਹੈ।
ਪਿਛਲੇ ਸਾਲ ਵੀ ਪਾਕਿਸਤਾਨ ਦੀ ਕੌਮੀ ਏਅਰਲਾਈਨ ਦੇ ਚਾਰ ਮੁਲਾਜ਼ਮ ਆਪਣੀ ਡਿਊਟੀ ਦੌਰਾਨ ਕੈਨੇਡਾ ਪੁੱਜੇ ਜ਼ਰੂਰ ਪਰ ਵਾਪਸ ਨਾ ਗਏ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਫਲਾਈਟ ਅਟੈਂਡੈਂਟ ਖਾਲਿਦ ਮਹਿਮੂਦ ਅਤੇ ਫਿਦਾ ਹੁਸੈਨ ਫਲਾਈਟ 772 ਰਾਹੀ ਇਸਲਾਮਾਬਾਦ ਤੋਂ ਟੋਰਾਂਟੋ ਪੁੱਜੇ ਪਰ ਜਦੋਂ ਜਹਾਜ਼ ਦੇ ਵਾਪਸੀ ਕਰਨ ਦਾ ਸਮਾਂ ਆਇਆ ਤਾਂ ਦੋਵੇਂ ਗਾਇਬ ਸਨ।
ਹਵਾਈ ਜਹਾਜ਼ ਨੂੰ ਦੋ ਫਲਾਈਟ ਅਟੈਂਡੈਂਟਸ ਤੋਂ ਬਗੈਰ ਹੀ ਇਸਲਾਮਾਬਾਦ ਪਰਤਣਾ ਪਿਆ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਤੈਨਾਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਗਈ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਕਹਿਣਾ ਹੈ ਕਿ ਦੋਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਸੇਵਾਵਾਂ ਖਤਮ ਕਰ ਦਿਤੀਆਂ ਜਾਣਗੀਆਂ।