ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਉਰੀ ਸੈਕਟਰ ‘ਚ ਕੰਟਰੋਲ ਰੇਖਾ (LOC) ਨੇੜੇ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਕ ਅੱਤਵਾਦੀ ਨੂੰ ਮਾਰ ਦਿੱਤਾ। ਫਿਲਹਾਲ ਫੌਜ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
ਭਾਰਤੀ ਫੌਜ ਨੇ ਕਿਹਾ ਕਿ ਅੱਤਵਾਦੀ ਖਰਾਬ ਵਿਜ਼ੀਬਿਲੀਟੀ ਅਤੇ ਖਰਾਬ ਮੌਸਮ ਦਾ ਫਾਇਦਾ ਚੁੱਕ ਕੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਨੇ ਕਿਹਾ, ”ਸੈਨਿਕਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਕੰਟਰੋਲ ਰੇਖਾ ਦੇ ਨਾਲ ਉਰੀ ਸੈਕਟਰ ‘ਚ ਇਕ ਅੱਤਵਾਦੀ ਨੂੰ ਮਾਰ ਦਿੱਤਾ।
ਸਰਦੀਆਂ ਦੇ ਮੌਸਮ ‘ਚ ਬਰਫਬਾਰੀ ਅਤੇ ਘੱਟ ਵਿਜ਼ੀਬਿਲੀਟੀ ਹੋਣ ਕਾਰਨ ਅੱਤਵਾਦੀ ਪਾਕਿਸਤਾਨ ਵਾਲੇ ਪਾਸੇ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਭਾਰਤੀ ਜਵਾਨ ਇਨ੍ਹਾਂ ਔਖੇ ਹਾਲਾਤਾਂ ‘ਚ ਵੀ ਸਰਹੱਦ ‘ਤੇ ਚੌਕਸ ਰਹਿੰਦੇ ਹਨ ਅਤੇ ਅਜਿਹੀ ਘੁਸਪੈਠ ਨੂੰ ਨਾਕਾਮ ਕਰਦੇ ਹਨ।
ਅਕਤੂਬਰ ਮਹੀਨੇ ‘ਚ ਵੀ ਸੁਰੱਖਿਆ ਬਲਾਂ ਨੇ ਇਕ ਸਾਂਝੇ ਆਪਰੇਸ਼ਨ ‘ਚ ਉਰੀ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਫੌਜ ਨੇ ਮੌਕੇ ਤੋਂ 2 ਏਕੇ ਸੀਰੀਜ਼ ਦੀਆਂ ਰਾਈਫਲਾਂ, 6 ਪਿਸਤੌਲਾਂ ਅਤੇ 4 ਚੀਨੀ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ।