ਰਮਜ਼ਾਨ ਮਹੀਨੇ ਦੌਰਾਨ ਰੱਖੇ ਜਾਂਦੇ ਰੋਜ਼ੇ ਇਸਲਾਮ ਦੇ ਪੰਜ ਸਿਧਾਂਤਾਂ ’ਚੋਂ ਇਕ ਹਨ। ਰੋਜ਼ਾ ਜਿਸਮਾਨੀ ਦੇ ਨਾਲ-ਨਾਲ ਰੂਹਾਨੀ ਇਬਾਦਤ ਵੀ ਹੈ। ਕੁਰਆਨ ਮਜੀਦ ’ਚ ਅੱਲ੍ਹਾ ਪਾਕ ਫ਼ਰਮਾਉਦੇ ਹਨ, ਐ ਈਮਾਨ ਵਾਲਿਉ! ਤੁਹਾਡੇ ਉੱਪਰ ਉਸੇ ਤਰ੍ਹਾਂ ਰੋਜ਼ੇ ਫ਼ਰਜ਼ ਕੀਤੇ ਗਏ ਹਨ ਜਿਵੇਂ ਤੁਹਾਡੇ ਤੋਂ ਪਹਿਲੇ ਲੋਕਾਂ ਉੱਪਰ ਫ਼ਰਜ਼ ਕੀਤੇ ਗਏ ਸਨ ਤਾਂ ਕਿ ਤੁਸੀਂ ਪਰਹੇਜ਼ਗਾਰ (ਬੁਰਾਈਆਂ ਤੋਂ ਬਚਣ ਵਾਲੇ) ਬਣੋ।
ਰਮਜ਼ਾਨ ਮਹੀਨੇ ਦੌਰਾਨ ਰੱਖੇ ਜਾਂਦੇ ਰੋਜ਼ੇ ਇਸਲਾਮ ਦੇ ਪੰਜ ਸਿਧਾਂਤਾਂ ’ਚੋਂ ਇਕ ਹਨ। ਰੋਜ਼ਾ ਜਿਸਮਾਨੀ ਦੇ ਨਾਲ-ਨਾਲ ਰੂਹਾਨੀ ਇਬਾਦਤ ਵੀ ਹੈ। ਕੁਰਆਨ ਮਜੀਦ ’ਚ ਅੱਲ੍ਹਾ ਪਾਕ ਫ਼ਰਮਾਉਦੇ ਹਨ, ਐ ਈਮਾਨ ਵਾਲਿਉ! ਤੁਹਾਡੇ ਉੱਪਰ ਉਸੇ ਤਰ੍ਹਾਂ ਰੋਜ਼ੇ ਫ਼ਰਜ਼ ਕੀਤੇ ਗਏ ਹਨ ਜਿਵੇਂ ਤੁਹਾਡੇ ਤੋਂ ਪਹਿਲੇ ਲੋਕਾਂ ਉੱਪਰ ਫ਼ਰਜ਼ ਕੀਤੇ ਗਏ ਸਨ ਤਾਂ ਕਿ ਤੁਸੀਂ ਪਰਹੇਜ਼ਗਾਰ (ਬੁਰਾਈਆਂ ਤੋਂ ਬਚਣ ਵਾਲੇ) ਬਣੋ। ਇਕ ਹੋਰ ਥਾਂ ਅੱਲ੍ਹਾ ਪਾਕ ਫਰਮਾਉਦੇ ਹਨ ਕਿ ਰੋਜ਼ਾ ਮੇਰੇ ਲਈ ਹੈ ਤੇ ਮੈਂ ਇਸ ਦੀ ਜਜ਼ਾ (ਇਨਾਮ) ਵੀ ਖ਼ੁਦ ਹੀ ਦੇਵਾਂਗਾ। ਇਸ ਸਬੰਧ ਵਿਚ ਹਜ਼ਰਤ ਮੁਹੰਮਦ ਸਾਹਿਬ ਆਪ ਫ਼ਰਮਾਉਦੇ ਹਨ ਕਿ ‘ਰੋਜ਼ਾ ਨਰਕ ਦੀ ਅੱਗ ਤੋਂ ਢਾਲ ਹੈ।’
ਜ਼ਕਾਤ ਉਨ੍ਹਾਂ ਮਾਲਦਾਰਾਂ ਜਾਂ ਧਨਵਾਨ ਲੋਕਾਂ ’ਤੇ ਫ਼ਰਜ਼ ਹੈ, ਜਿਨ੍ਹਾਂ ਕੋਲ ਸਾਢੇ ਸੱਤ ਤੋਲੇ ਸੋਨਾ ਜਾਂ ਬਵੰਜਾ ਤੋਲੇ ਚਾਂਦੀ ਜਾਂ ਇਸ ਦੀ ਕੀਮਤ ਦੇ ਬਰਾਬਰ ਨਕਦੀ ਹੋਵੇ ਜਾਂ ਚਾਂਦੀ ਅਤੇ ਸੋਨੇ ਦੋਵਾਂ ਦੀ ਸਮੁੱਚੀ ਮਾਲੀਅਤ ਸਾਢੇ ਬਵੰਜਾ ਤੋਲੇ ਚਾਂਦੀ ਦੇ ਬਰਾਬਰ ਹੋਵੇ ਜਾਂ ਇਸ ਤੋਂ ਵਧੇਰੇ ਚਾਂਦੀ ਜਾਂ ਨਕਦੀ ਆਦਿ ਮੌਜੂਦ ਹੋਵੇ ਤਾਂ ਇਸ ਸੂਰਤ ’ਚ ਜ਼ਕਾਤ ਅਦਾ ਕਰਨਾ ਉਸ ਮੁਸਲਮਾਨ ਲਈ ਫ਼ਰਜ਼ ਜਾਂ ਵਾਜਿਬ ਹੋ ਜਾਂਦਾ ਹੈ, ਭਾਵ ਅਜਿਹੇ ਰੱਜੇ-ਪੱੁਜੇ ਸਾਹਿਬ -ਏ-ਦੌਲਤ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਸਾਲ ਗੁਜ਼ਰਨ ਉਪਰੰਤ ਅਪਣੀ ਇਸ ਰਕਮ ’ਚੋਂ ਢਾਈ ਫ਼ੀਸਦੀ ਦੇ ਹਿਸਾਬ ਨਾਲ ਬਣਦੀ ਜ਼ਕਾਤ ਗ਼ਰੀਬਾਂ ’ਚ ਵੰਡੇ। ਇਹ ਵੀ ਲਾਜ਼ਮੀ ਹੈ ਕਿ ਜਦ ਕਿਸੇ ਗ਼ਰੀਬ ਲੋੜਵੰਦ ਨੂੰ ਜ਼ਕਾਤ ਦਿੱਤੀ ਜਾਵੇ ਤਾਂ ਇਸ ਦਾ ਵਿਖਾਵਾ ਨਾ ਕੀਤਾ ਜਾਵੇ। ਭਾਵ ਜੇਕਰ ਸੱਜੇ ਹੱਥ ਨਾਲ ਦਿੰਦਾ ਹੈ ਤਾਂ ਖੱਬੇ ਹੱਥ ਨੂੰ ਵੀ ਪਤਾ ਨਾ ਲੱਗਣ ਦਿੱਤਾ ਜਾਵੇ
ਇਸੇ ਪ੍ਰਕਾਰ ਹਰ ਸਾਹਿਬ-ਏਦੌਲਤ ਮੁਸਲਮਾਨ ’ਤੇ, ਭਾਵ ਹੱਜ ਦੇ ਸਫ਼ਰ ਦਾ ਖ਼ਰਚਾ ਚੁੱਕਣ ਵਾਲੇ ਉੱਪਰ ਪੂਰੀ ਉਮਰ ਵਿਚ ਇਕ ਵਾਰ ਹੱਜ ਕਰਨਾ ਵੀ ਵਾਜਬ ਤੇ ਲਾਜ਼ਮੀ ਹੈ। ਆਓ ਹੁਣ ਆਪਾਂ ਰੋਜ਼ਾ ਦੇ ਸੰਦਰਭ ਵਿੱਚ ਕੁੱਝ ਮੁੱਖ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਰੋਜਾ ਸੂਰਜ ਨਿਕਲਣ ਤੋਂ ਕੋਈ ਸਵਾ-ਡੇਢ ਘੰਟਾ ਪਹਿਲਾਂ ਰੱਖਿਆ ਜਾਂਦਾ ਹੈ। ਪਹੁ-ਫੁੱਟਣ ਤੋਂ ਪਹਿਲਾਂ ਪਹਿਲਾਂ ਇਕ ਰੋਜ਼ੇਦਾਰ ਨੂੰ ਆਪਣੀ ਜ਼ਰੂਰਤ ਅਨੁਸਾਰ ਖਾ-ਪੀ ਲੈਣਾ ਚਾਹੀਦਾ ਹੈ। ਸਰਘੀ ਵੇਲੇ ਦੇ ਇਸ ਖਾਣੇ ਨੂੰ ‘ਸਿਹਰੀ’ ਆਖਦੇ ਹਨ। ਸਿਹਰੀ ਕਰਨਾ ਸੁੰਨਤ ਹੈ (ਸੁੱਨਤ ਉਸ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਹਜ਼ਰਤ ਮੁਹੰਮਦ ਸਲੱਲਾ ਹੋ ਅਲੈਹਵ ਸਲੱਮ ਨੇ ਅਪਣੇ ਜੀਵਨ ’ਚ ਕੀਤਾ ਹੋਵੇ) । ਸਿਹਰੀ ਦਾ ਖਾਣਾ ਬਹੁਤ ਸਾਰੀਆਂ ਬਰਕਤਾਂ ਨਾਲ ਭਰਪੂਰ ਹੁੰਦਾ ਹੈ। ਸਿਹਰੀ ਕਰਨ ਉਪਰੰਤ ਇੱਕ ਰੋਜ਼ੇਦਾਰ ਪੂਰਾ ਦਿਨ ਨਾ ਹੀ ਕੁਝ ਖਾਂਦਾ ਹੈ ਅਤੇ ਨਾ ਹੀ ਪੀਂਦਾ ਹੈ ।
ਜਦੋਂ ਕਿ ਸੂਰਜ ਛਿਪਣ ਨਾਲ ਰੋਜ਼ਾ ਅਵਤਾਰ ਕੀਤਾ ਜਾਂਦਾ ਹੈ ਭਾਵ ਰੋਜ਼ਾ ਖੋਲ੍ਹਿਆ ਜਾਂਦਾ ਹੈ। ਰੋਜ਼ੇ ਨੂੰ ਖਜ਼ੂਰ ਨਾਲ ਖੋਲ੍ਹਣਾ ਸੁੰਨਤ ਤੇ ਅਫਜ਼ਲ ਸਮਝਿਆ ਜਾਂਦਾ ਹੈ। ਖਜ਼ੂਰ ਕਾਰਬੋਹਾਈਡਰੇਟਸ ਨਾਲ ਭਰਪੂਰ ਗ਼ਿਜ਼ਾ ਹੈ । ਇਹ ਖ਼ਾਲੀ ਪੇਟ ਨੂੰ ਦੂਜੇ ਖਾਣੇ ਹਜ਼ਮ ਕਰਨ ਤੇ ਮਿਹਦੇ ਨੂੰ ਤਾਕਤ ਬਖ਼ਸ਼ਣ ਦੇ ਨਾਲ-ਨਾਲ ਭੋਜਨ ਕਰਨ ਦੇ ਯੋਗ ਬਣਾਉਦੀ ਹੈ। ਰੋਜ਼ਿਆਂ ਦੌਰਾਨ ਪੰਜ ਫ਼ਰਜ਼ ਨਮਾਜ਼ਾਂ ਤੋਂ ਇਲਾਵਾ ਇਸ਼ਾ ਦੀ ਨਮਾਜ਼ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਮਸਜਿਦ ਵਿਚ ਤਰਾਵੀਹ ਦੀ ਨਮਾਜ਼ ਅਦਾ ਕਰਨ ਦਾ ਅਹਿਤਮਾਮ ਕੀਤਾ ਜਾਂਦਾ ਹੈ (ਪਰ ਵਿਸ਼ੇਸ਼ ਕਿਸਮ ਦੇ ਹਾਲਾਤ ਜਿਵੇਂ ਕਿ ਅੱਜਕੱਲ੍ਹ ਕਰੋਨਾ ਵਾਇਰਸ ਜਿਹੀ ਮਹਾਮਾਰੀ ਦੇ ਚੱਲਦਿਆਂ ਇਸ ਇਬਾਰਤ ਦਾ ਅਹਿਤਮਾਮ ਰੋਜ਼ੇਦਾਰ ਆਪਣੇ ਘਰਾਂ ਵਿਚ ਵੀ ਕਰ ਸਕਦੇ ਹਨ) ਇਹ ਕਿ ਇਥੇ ਜ਼ਿਕਰਯੋਗ ਹੈ ਕਿ ਤਰਾਵੀਹ ਦੀ ਨਮਾਜ਼ ਦੌਰਾਨ ਮੁਸਲਿਮ ਪੂਰਾ ਕੁਰਾਨ ਸੁਣਦੇ ਹਨ ਪਰ ਜੇਕਰ ਕੋਈ ਹਾਫਿਜ਼ (ਜਿਸ ਦੇ ਕੁਰਾਨ ਜ਼ੁਬਾਨੀ ਯਾਦ ਹੋਵੇ) ਨਾ ਹੋਵੇ ਤਾਂ ਤਰਾਵੀਹ ਦੀ ਨਮਾਜ਼ ਸੂਰਤਾਂ ਨਾਲ ਵੀ ਕਰਵਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਰੋਜ਼ਾ ਕੇਵਲ ਪੂਰਾ ਦਿਨ ਭੁੱਖੇ ਪਿਆਸੇ ਰਹਿਣ ਦਾ ਨਾਂ ਨਹੀਂ ਹੈ ਸਗੋਂ ਰੋਜ਼ੇ ਦੌਰਾਨ ਸਾਡੇ ਸਰੀਰ, ਦਿਲ-ਓ-ਦਿਮਾਗ਼ ਅਤੇ ਇਖ਼ਲਾਕ ’ਚੋਂ ਰੋਜ਼ੇ ਦੀ ਝਲਕ ਪ੍ਰਤੱਖ ਵਿਖਾਈ ਦੇਣੀ ਚਾਹੀਦੀ ਹੈ।
ਰੋਜ਼ੇ ਦੌਰਾਨ ਜਿੱਥੇ ਖਾਣ-ਪੀਣ ਦੀ ਮਨਾਹੀ ਹੈ, ਉੱਥੇ ਆਪਣੀ ਦੇਹ ਨੂੰ ਵੀ ਪਵਿੱਤਰ ਰੱਖਣਾ ਹੁੰਦਾ ਹੈ। ਅੱਖਾਂ ਦਾ ਵੀ ਰੋਜ਼ਾ ਹੁੰਦਾ ਹੈ ਤੇ ਅਸੀਂ ਕੋਈ ਮੰਦੀ ਚੀਜ਼ ਨਹੀਂ ਵੇਖੀਏ । ਕੰਨਾਂ ਦਾ ਰੋਜ਼ਾ ਇਹ ਹੈ ਕਿਸੇ ਦੀ ਚੁਗਲੀ-ਨਿੰਦਿਆ ਨਹੀਂ ਸੁਣਨੀ ਤੇ ਨਾ ਹੀ ਕਿਸੇ ਨੂੰ ਕੁਰਾਹੇ ਪਾਉਣ ਵਾਲੀਆਂ ਆਵਾਜ਼ਾਂ ਸੁਨਣੀਆਂ ਹਨ। ਇਸੇ ਪ੍ਰਕਾਰ ਜ਼ੁਬਾਨ ਦਾ ਰੋਜ਼ਾ ਇਹ ਹੈ ਕਿ ਕਿਸੇ ਨਾਲ ਮੰਦਾ ਨਾ ਬੋਲਿਆ ਜਾਵੇ, ਜ਼ੁਬਾਨ ਤੋਂ ਉਸ ਅੱਲ੍ਹਾ ਪਾਕ ਦੀ ਸਿਫ਼ਤ ਹੀ ਨਿਕਲੇ ਜਿਸ ਨੇ ਇਸ ਸਾਰੀ ਸਿ੍ਰਸ਼ਟੀ ਨੂੰ ਬਹੁਤ ਸਲੀਕੇ ਨਾਲ ਸਾਜਿਆ ਹੈ ।
ਇਸੇ ਤਰ੍ਹਾਂ ਹੱਥਾਂ ਤੇ ਪੈਰਾਂ ਦਾ ਵੀ ਰੋਜ਼ਾ ਹੈ ਕਿ ਇਨ੍ਹਾਂ ਹੱਥਾਂ ਨਾਲ ਅਸੀਂ ਕੋਈ ਮਾੜਾ ਕਾਰਜ ਨਹੀਂ ਕਰਨਾ ਅਤੇ ਪੈਰਾਂ ਨਾਲ ਕਿਸੇ ਮਾੜੀ ਥਾਂ ਚੱਲ ਕੇ ਨਹੀਂ ਜਾਣਾ, ਜਿੱਥੇ ਕਿ ਪਾਪ ਹੁੰਦੇ ਹੋਣ। ਕਿਸੇ ਨਾਲ ਬੇਈਮਾਨੀ ਜਾਂ ਠੱਗੀ ਨਹੀਂ ਮਾਰਨੀ। ਕਿਸੇ ਨਾਲ ਲੜਨਾ ਨਹੀਂ, ਜੇ ਕੋਈ ਲੜੇ ਤਾਂ ਉਸ ਨੂੰ ਇਹੋ ਕਹਿਣਾ ਹੈ ਕਿ ਮੈਂ ਤਾਂ ਰੋਜ਼ੇ ਨਾਲ ਹਾਂ।
ਜਿਸਮਾਨੀ ਫ਼ਾਇਦੇ: ਰੋਜ਼ੇ ਰੱਖਣ ਦੇ ਜਿੱਥੇ ਬਹੁਤ ਸਾਰੇ ਰੂਹਾਨੀ ਫ਼ਾਇਦੇ ਹਨ ਉੱਥੇ ਹੀ ਇਨ੍ਹਾਂ ਤੋਂ ਇਕ ਮੁਸਲਮਾਨ ਨੂੰ ਸੱਚੇ-ਸੁੱਚੇ ਰਹਿਣ, ਨੇਕ ਕੰਮ ਕਰਨ ਤੇ ਬੁਰੇ ਕੰਮਾਂ ਤੋਂ ਬਚਣ ਦੀ ਪ੍ਰੇਰਣਾ ਮਿਲਦੀ ਹੈ। ਇਸ ਦੇ ਨਾਲ ਨਾਲ ਰੋਜ਼ਿਆਂ ਦੇ ਬਹੁਤ ਸਾਰੇ ਜਿਸਮਾਨੀ ਫ਼ਾਇਦੇ ਵੀ ਹਨ।
ਮਸ਼ੀਨ ਵਾਂਗ ਸਾਡਾ ਸਰੀਰ ਵੀ ਬਾਰਾਂ ਮਹੀਨੇ ਚੌਵੀ ਘੰਟੇ ਕੰਮ ਕਰਦਾ ਰਹਿੰਦਾ ਹੈ, ਜਿਸ ਕਾਰਨ ਸਿਹਤ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਸੀਂ ਰਮਜ਼ਾਨ ਦੇ ਮਹੀਨੇ ’ਚ ਰੋਜ਼ੇ ਰੱਖਦੇ ਹਾਂ ਤਾਂ ਸਾਡੇ ਮਿਹਦੇ ਸਮੇਤ ਜਿਸਮ ਦੇ ਸਮੁੱਚੇ ਅੰਗਾਂ ਨੂੰ ਬਹੁਤ ਸਾਰਾ ਆਰਾਮ ਮਿਲਦਾ ਹੈ। ਜਿਸ ਦੇ ਫਲਸਰੂਪ ਸਰੀਰ ਦੇ ਵੱਖ-ਵੱਖ ਅੰਗ ਸਕੂਨ ਤੇ ਤਰੋ-ਤਾਜ਼ਗੀ ਮਹਿਸੂਸ ਕਰਦੇ ਹਨ। ਰੋਜ਼ਾ ਰੱਖਣ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ ਕਿਉਕਿ ਰੋਜ਼ੇ ਦੌਰਾਨ ਖ਼ੂਨ ਦਾ ਵਹਾਅ ਤੇ ਰਫ਼ਤਾਰ ਮੁਨਾਸਿਬ ਹੋ ਜਾਂਦੀ ਹੈ। ਰੋਜ਼ਾ ਅਜਿਹਾ ਅਭਿਆਸ ਹੈ ਜੋ ਮਨੁੱਖ ਨੂੰ ਸਬਰ, ਸੁਹਿਰਦਤਾ, ਦਿਆਲਤਾ, ਸਹਿਜਤਾ, ਸੰਜਮਤਾ ਤੇ ਨੇਕੀ ਆਦਿ ਗੁਣਾਂ ਦਾ ਧਾਰਨੀ ਬਣਾਉਦਾ ਹੈ।