ਪੰਜਾਬੀ ਮਨੋਰੰਜਨ ਇੰਡਸਟਰੀ ਦਾ ਦੂਜਾ ਫੈਸਟੀਵਲ ਤੇ ਐਵਾਰਡ ਸ਼ੋਅ “ਪੀਫਾ” ਯਾਨੀ ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ 2024” ਹੁਣ 2 ਮਾਰਚ ਦੀ ਥਾਂ 9 ਮਾਰਚ, ਸ਼ਨੀਵਾਰ ਨੂੰ ਹੋਵੇਗਾ। ਮੌਸਮ ਵਿਭਾਗ ਵਲੋਂ 2 ਮਾਰਚ ਨੂੰ ਮੌਸਮ ਖ਼ਰਾਬ ਹੋਣ ਦੀ ਦਿਤੀ ਗਈ ਅਗਾਊ ਸੂਚਨਾ ਕਾਰਨ ਤਾਰੀਕ ਵਿੱਚ ਤਬਦੀਲੀ ਕੀਤੀ ਗਈ ਹੈ।
ਇਹ ਐਵਾਰਡ ਨਾਈਟ ਰਿਆਤ ਬਾਹਰਾ ਯੂਨੀਵਰਸਿਟੀ ਖਰੜ, ਮੁਹਾਲੀ ਵਿਖੇ ਹੋਣ ਜਾ ਰਹੀ ਹੈ। ਪੰਜਾਬੀ ਇੰਡਸਟਰੀ ਦੀ ਇਹ ਉਹ ਸੁਨਹਿਰੀ ਸ਼ਾਮ ਹੁੰਦੀ ਹੈ ਜਿੱਥੇ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਨੂੰ ਸਮਰਪਿਤ ਵੱਖ ਵੱਖ ਸਖਸੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਕੇ ਉਨ੍ਹਾਂ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ ਜਾਂਦਾ ਹੈ। “ਦਾ ਸਕਾਈਟ੍ਰਿਲ” ਦੀ ਪੇਸ਼ਕਸ਼ ਅਤੇ “ਮਾਈ ਇੰਟਰਨੈਟ” ਦੀ ਸਹਿ ਪੇਸ਼ਕਸ਼ ਇਸ ਐਵਾਰਡ ਨਾਈਟ ਬਾਰੇ ਗੱਲਬਾਤ ਕਰਦਿਆਂ ਪੀਫਾ ਦੇ ਫਾਊਂਡਰ ਸਪਨ ਮਨਚੰਦਾ ਨੇ ਦੱਸਿਆ ਕਿ “ਦਾ ਸਕਾਈਟ੍ਰਿਲ” ਅਤੇ “ਮਾਈ ਇੰਟਰਨੈਟ” ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਐਵਾਰਡ ਸਮਾਗਤ ਵਿੱਚ ਪੰਜਾਬੀ ਇੰਡਸਟਰੀ ਨੂੰ ਪਰਿਵਾਰ ਦੇ ਰੂਪ ਵਿੱਚ ਇੱਕੋ ਜਗ੍ਹਾ ਇਕੱਠੇ ਕਰਨਾ ਅਤੇ ਉਹਨਾਂ ਦੇ ਮਨੋਰੰਜਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਦੀ ਪ੍ਰਫੁੱਲਤਾ ਅਤੇ ਪ੍ਰਸਿੱਧੀ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਵੱਖ-ਵੱਖ ਐਵਾਰਡਾਂ ਦੇ ਨਾਲ ਨਿਵਾਜਣਾ ਹੈ। ਇਸ ਦੇ ਨਾਲ ਹੀ ਨਵੇਂ ਕਲਾਕਾਰਾਂ ਨੂੰ ਹੱਲਾਸ਼ੇਰੀ ਦੇਣਾ ਵੀ ਇਸ ਐਵਾਰਡ ਸ਼ੋਅ ਦਾ ਮਕਸਦ ਹੈ।
ਇਸ ਐਵਾਰਡ ਸ਼ੋਅ ਦੇ ਜ਼ਰੀਏ ਪੰਜਾਬੀ ਸਿਨਮਾ ਤੇ ਸੰਗੀਤ ਦੇ ਉਨ੍ਹਾਂ ਨਾਮਾਂ ਨੂੰ ਜ਼ਿੰਦਾ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨਾ ਨੇ ਇਸ ਇੰਡਸਟਰੀ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਪੀਫਾ ਦੀ ਟੀਮ ਨੇ ਦੱਸਿਆ ਕਿ ਇਸ ਵਾਰ ਵੀ ਪ੍ਰਿਥਵੀ ਰਾਜ ਕਪੂਰ, ਕੇ ਡੀ ਮਹਿਰਾ, ਵਰਿੰਦਰ, ਮੇਹਰ ਮਿੱਤਲ, ਕੁਲਦੀਪ ਮਾਣਕ, ਜਸਵੰਤ ਭੰਵਰਾ, ਮਨੋਜ ਪੰਜ, ਬਲਰਾਜ ਸਾਹਨੀ, ਦਲਜੀਤ ਕੌਰ, ਇੰਦਰਾ ਬਿੱਲੀ, ਸਰਦੂਲ ਸਿੰਕਦਰ, ਯਸ਼ਪਾਲ ਸ਼ਰਮਾ, ਗੁਰਕਿਰਤਨ,ਮੁਲਖ ਰਾਜ ਭਾਖੜੀ, ਸੁਰਿੰਦਰ ਕੌਰ,ਗੁਰਮੀਤ ਭਾਵਾ, ਨੰਦ ਲਾਲ ਨੂਰਪੁਰੀ, ਬਾਬਾ ਬੁੱਲੇ ਸ਼ਾਹ ਦੇ ਨਾਂ ‘ਤੇ ਯਾਦਗਾਰੀ ਐਵਾਰਡ ਸਥਾਪਤ ਕੀਤੇ ਗਏ ਹਨ। ਇਸ ਮੌਕੇ ਦਾ ਸਕਾਈਟ੍ਰੇਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦੇਵਗਨ ਤੋਂ ਇਲਾਵਾ ਮੌਕੇ ਪੀਫਾ ਦੀ ਟੀਮ ਤੋਂ ਕਾਰਜ ਗਿੱਲ, ਮੁਨੀਸ਼ ਸਾਹਨੀ, , ਦਿਨੇਸ਼ ਔਲਖ, ਨਿਹਾਰਿਕਾ, ਅੰਮਿਤ ਪ੍ਰਾਸ਼ਰ, ਚੰਨਪ੍ਰੀਤ ਧਨੋਆ, ਗੁਰਪ੍ਰੀਤ ਖੇਤਲਾ ਹਾਜ਼ਰ ਸਨ।