ਚੰਡੀਗੜ੍ਹ : ਪੰਜਾਬ ਵਿਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਵੈਸਟਰਨ ਡਿਸਟਰਬੈਂਸ ਨੇ ਇਕ ਵਾਰ ਫਿਰ ਪੰਜਾਬ ਦੇ ਮੌਸਮ ਵਿਚ ਬਦਲਾਅ ਲਿਆਂਦਾ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਪੂਰਬੀ ਮਾਲਵਾ ਤੇ ਮਾਝਾ ਵਿਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਪੂਰਾ ਦਿਨ ਪੰਜਾਬ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ। ਬੱਦਲ ਛਾਏ ਹੋਣ ਕਾਰਣ ਸਵੇਰੇ ਦੇ ਨਿਊਨਤਮ ਤਾਪਮਾਨ ਵਿਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੀਂਹ ਨਾਲ ਲੋਕਾਂ ਨੂੰ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਇਹ ਰਾਹਤ ਕੁਝ ਸਮਾਂ ਜਾਂ ਦਿਨ ਲਈ ਹੋ ਸਕਦੀ ਹੈ।
ਦੂਜੇ ਪਾਸੇ ਮੀਂਹ ਕਾਰਣ ਅੰਮ੍ਰਿਤਸਰ ਵਿਚ ਏਅਰ ਕੁਆਲਿਟੀ ਆਮ ਤਕ ਪਹੁੰਚ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਘੰਟਿਆਂ ਵਿਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਤੇਜ਼ ਹਵਾਵਾਂ ਨਾਲ ਮੀਂਹ ਹੋ ਪੈ ਸਕਦਾ ਹੈ। ਉਥੇ ਹੀ ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਜਲੰਧਰ, ਫਗਵਾੜਾ ਤੇ ਫਿਲੌਰ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਲੁਧਿਆਣਾ, ਖੰਨਾ, ਖਰੜ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਪਟਿਆਲਾ ਵਿਚ ਵੀ ਅੱਜ ਮੀਂਹ ਹੋਣ ਦੇ ਆਸਾਰ ਬਣੇ ਹੋਏ ਹਨ।
ਏਅਰ ਕੁਆਲਿਟੀ ’ਤੇ ਹੋਇਆ ਅਸਰ
ਪੰਜਾਬ ਵਿਚ ਸਵੇਰ ਹੀ ਘੁੱਪ ਹਨ੍ਹੇਰਾ ਛਾ ਗਿਆ ਅਤੇ ਕਈ ਥਾਈਂ ਹੋਈ ਬਾਰਿਸ਼ ਨਾਲ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਇਆ ਹੈ। ਹਾਲਾਂਕਿ ਇਹ ਸੁਧਾਰ ਕੁਝ ਸਮੇਂ ਲਈ ਹੀ ਰਹੇਗਾ ਪਰ ਮੀਂਹ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਜ਼ਰੂਰ ਦਿੱਤੀ ਹੈ। ਲੁਧਿਆਣਾ ਦੀ ਹਵਾ ਦੀ ਗੁਣਵੱਤਾ ਵਿਚ ਵੀ ਬਹੁਤਾ ਸੁਧਾਰ ਨਹੀਂ ਹੋਇਆ। ਇਸ ਦੇ ਨਾਲ ਹੀ ਬਠਿੰਡਾ ਵਿੱਚ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇੱਥੇ AQI 350 ਦੇ ਕਰੀਬ ਦਰਜ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਸਵੇਰੇ 8.30 ਵਜੇ ਤੱਕ 9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਿਸ ਕਾਰਨ ਹਵਾ ਦੀ ਗੁਣਵੱਤਾ ਆਮ ਵਾਂਗ ਹੋ ਗਈ। ਇੱਥੇ ਹਵਾ ਦੀ ਗੁਣਵੱਤਾ ਸਵੇਰੇ 7 ਵਜੇ 306 ਤੱਕ ਪਹੁੰਚ ਗਈ, ਜੋ ਸਵੇਰੇ 10 ਵਜੇ 95 ਦਰਜ ਕੀਤੀ ਗਈ। ਜਲੰਧਰ ‘ਚ ਰਾਤ 11 ਵਜੇ AQI 348 ਸੀ, ਜੋ ਸਵੇਰੇ 10 ਵਜੇ 329 ‘ਤੇ ਪਹੁੰਚ ਗਿਆ, ਜਦਕਿ ਇਸ ਵਿਚਾਲੇ ਵੀ 170 ਦੇ ਕਰੀਬ ਰਿਕਾਰਡ ਕੀਤਾ ਗਿਆ।