ਇਕ ਪਾਸੇ ਜਿੱਥੇ ਪ੍ਰਸ਼ਾਸਨ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪਿੰਡ-ਪਿੰਡ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਪੁਲਸ ਦੀਆਂ ਟੀਮਾਂ ਤੱਕ ਕੰਮ ਕਰ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਦੀਵਾਲੀ ਮੌਕੇ ਪਟਾਕੇ ਚੱਲਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਏ. ਕਿਊ. ਆਈ. (ਏਅਰ ਕੁਆਲਿਟੀ ਇੰਡੈਕਸ) 236 ਤੱਕ ਪਹੁੰਚ ਗਿਆ ਹੈ, ਜਿਸ ਨੂੰ ਕਾਫੀ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਅੱਖਾਂ ਅਤੇ ਸਾਹ ਦੀਆਂ ਵੱਖ-ਵੱਖ ਬੀਮਾਰੀਆਂ ਤੋਂ ਪ੍ਰਭਾਵਿਤ ਲੋਕਾਂ ਨੂੰ ਏ. ਕਿਊ. ਆਈ. ਤੋਂ ਜ਼ਿਆਦਾ ਹੋਣ ਕਾਰਨ ਇਸ ਦੇ ਲੱਛਣ ਦਿਖਾਈ ਦੇਣ ਲੱਗ ਪਏ ਹਨ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ, ਅੱਖਾਂ ਵਿਚ ਜਲਨ ਆਦਿ ਹੋਣ ਲੱਗ ਪਏ ਹਨ। ਅਸਥਮਾ ਦੇ ਮਰੀਜ਼ਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ।
ਦੂਜੇ ਪਾਸੇ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਐੱਨ. ਓ. ਸੀ. ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਇਲਾਕੇ ਵਿਚ ਪਟਾਕਿਆਂ ਦੇ 10 ਖੋਖੇ ਵੀ ਸਜਾਏ ਗਏ ਹਨ ਪਰ ਅਜੇ ਤੱਕ ਉਨ੍ਹਾਂ ’ਤੇ ਰੌਣਕ ਨਜ਼ਰ ਨਹੀਂ ਆ ਰਹੀ ਹੈ। ਮਹਿੰਗਾਈ ਕਾਰਨ ਪਟਾਕਿਆਂ ਦੀਆਂ ਕੀਮਤਾਂ ਵਿਚ ਵੀ 20 ਤੋਂ 25 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ, ਇਸ ਦੇ ਨਾਲ ਹੀ ਸਰਕਾਰ ਨੇ ਸਿਰਫ਼ ਗ੍ਰੀਨ ਪਟਾਕਿਆਂ ਨੂੰ ਹੀ ਵੇਚਣ ਅਤੇ ਚਲਾਉਣ ਦੇ ਹੁਕਮ ਦਿੱਤੇ ਹਨ ਅਤੇ ਹਰੇ ਪਟਾਕਿਆਂ ਦੀ ਕੀਮਤ ਆਮ ਪਟਾਕਿਆਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ, ਕਿਉਂਕਿ ਇਸ ਵਿਚ ਚੰਗੀ ਗੁਣਵੱਤਾ ਵਾਲੀ ਸਮੱਗਰੀ ਵਰਤੀ ਜਾਂਦੀ ਹੈ।
ਜਿਨ੍ਹਾਂ ਲੋਕਾਂ ਦੇ ਨਾਂ ਅਲਾਟਮੈਂਟ ਅਤੇ ਖੋਖੇ ’ਤੇ ਨਹੀਂ ਮੌਜੂਦ
ਪ੍ਰਸ਼ਾਸਨ ਵਲੋਂ ਅਲਾਟਮੈਂਟ ਸਮੇਂ 1292 ਅਰਜ਼ੀਆਂ ਵਿਚੋਂ 10 ਲੋਕਾਂ ਦੇ ਨਾਂ ਦਾ ਡਰਾਅ ਕੱਢਿਆ ਗਿਆ ਸੀ, ਜਿਨ੍ਹਾਂ ਵਿਚ ਤਿੰਨ ਔਰਤਾਂ ਦੇ ਨਾਂ ਵੀ ਸ਼ਾਮਲ ਸਨ, ਸਰਕਾਰੀ ਨਿਯਮਾਂ ਅਨੁਸਾਰ ਜਿਨ੍ਹਾਂ ਲੋਕਾਂ ਦੇ ਨਾਂ ਦੇ ਖੋਖੇ ਕੱਢੇ ਹਨ, ਉਨ੍ਹਾਂ ਨੂੰ ਖੋਖੇ ’ਤੇ ਮੌਜੂਦ ਹੋਣਾ ਜ਼ਰੂਰੀ ਰਹਿੰਦਾ ਹੈ ਅਤੇ ਖੋਖੇ ’ਤੇ ਉਸ ਦਾ ਨਾਮ ਵੀ ਲਿਖਿਆ ਹੋਣਾ ਜ਼ਰੂਰੀ ਹੈ ਪਰ ਦੇਖਣ ਵਿਚ ਆਇਆ ਹੈ ਕਿ ਖੋਖਿਆਂ ’ਤੇ ਨਾ ਤਾਂ ਉਹ ਵਿਅਕਤੀ ਮੌਜੂਦ ਸਨ, ਜਿੰਨ੍ਹਾਂ ਦੇ ਨਾ ਡਰਾਅ ਵਿਚ ਕੱਢੇ ਹਨ ਅਤੇ ਨਾ ਹੀ ਖੋਖਿਆਂ ’ਤੇ ਉਨ੍ਹਾਂ ਦਾ ਨਾ ਲਿਖੇ ਹੋਏ ਸਨ। ਇਸ ਦੇ ਉਲਟ ਕੁਝ ਹੋਲਸੇਲ ਅਤੇ ਰਿਟੇਲਰਾਂ ਦੇ ਨਾਂ ਕੁਝ ਖੋਖਿਆਂ ’ਤੇ ਜ਼ਰੂਰ ਲਿਖੇ ਹੋਏ ਹਨ।
ਸਵੇਰੇ 10:30 ਤੋਂ 7:30 ਤੱਕ ਹੀ ਵੇਚੇ ਜਾ ਸਕਦੇ ਹਨ ਪਟਾਕੇ
ਸਰਕਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ, ਉਹ ਨਿਊ ਅੰਮ੍ਰਿਤਸਰ ਵਿਚ ਸਵੇਰੇ 10:30 ਵਜੇ ਤੋਂ ਸ਼ਾਮ 7:30 ਵਜੇ ਤੱਕ ਹੀ ਪਟਾਕੇ ਵੇਚ ਸਕਦੇ ਹਨ। ਵੇਚੇ ਜਾਣ ਵਾਲੇ ਪਟਾਕੇ ਵੀ ਹਰੇ ਪਟਾਕੇ ਹੋਣੇ ਜ਼ਰੂਰੀ ਹਨ। ਭਾਵੇਂ ਪਿਛਲੇ ਸਾਲਾਂ ਦੌਰਾਨ ਦੇਖਿਆ ਗਿਆ ਹੈ ਕਿ ਰਾਤ 10-11 ਵਜੇ ਤੱਕ ਵੀ ਪਟਾਕੇ ਵੇਚੇ ਜਾਂਦੇ ਹਨ ਪਰ ਇਸ ਵਾਰ ਪੁਲਸ ਵੱਲੋਂ ਸਖ਼ਤ ਹੁਕਮ ਹਨ ਕਿ ਸ਼ਾਮ ਸਾਢੇ ਸੱਤ ਵਜੇ ਤੋਂ ਬਾਅਦ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ ਰਹੇਗੀ।