ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ, ਤੁਰਕੀ ਦੀ ਸੰਸਦ ਨੇ ਆਪਣੇ ਰੈਸਟੋਰੈਂਟਾਂ ਤੋਂ ਕਈ ਅਜਿਹੇ ਉਤਪਾਦਾਂ ਦੀ ਵਰਤੋਂ ਦਾ ਬਾਈਕਾਟ ਕੀਤਾ ਹੈ ਜੋ ਕਥਿਤ ‘ਇਜ਼ਰਾਈਲੀ ਹਮਲੇ’ ਦਾ ਸਮਰਥਨ ਕਰਦੇ ਹਨ।
ਤੁਰਕੀ ਦੀ ਸੰਸਦ ਦੇ ਸਪੀਕਰ ਨੋਮਾਨ ਕੁਰਤੁਲਮੁਸ ਨੇ ਕਿਹਾ ਹੈ ਕਿ ਸੰਸਦ ਇਜ਼ਰਾਈਲੀ ਹਮਲੇ ਦਾ ਸਮਰਥਨ ਕਰਨ ਵਾਲੇ ਉਤਪਾਦਾਂ ਦੀ ਵਰਤੋਂ ਨਹੀਂ ਕਰੇਗੀ। ਉਨ੍ਹਾਂ ਨੇ ਤੁਰਕੀ ਦੇ ਉੱਤਰੀ ਸੂਬੇ ਓਰਦੂ ਵਿੱਚ ਇੱਕ ਸਮਾਗਮ ਦੌਰਾਨ ਕਿਹਾ, “ਤੁਰਕੀ ਗ੍ਰੈਂਡ ਨੈਸ਼ਨਲ ਅਸੈਂਬਲੀ ਵਿੱਚ ਅਸੀਂ ਇਜ਼ਰਾਈਲੀ ਹਮਲੇ ਦਾ ਸਮਰਥਨ ਕਰਨ ਵਾਲੀਆਂ ਕੰਪਨੀਆਂ ਦੇ ਕਿਸੇ ਵੀ ਉਤਪਾਦ ਦੀ ਵਰਤੋਂ ਨਹੀਂ ਕਰਾਂਗੇ।”
ਟੀਆਰਟੀ ਨਿਊਜ਼ ਦੇ ਮੁਤਾਬਕ ਨੋਮਾਨ ਕੁਰਤੁਲਮਸ ਨੇ ਕਿਹਾ ਹੈ ਕਿ ਹੁਣ ਤੋਂ ਅਸੀਂ ਉਨ੍ਹਾਂ ਕੰਪਨੀਆਂ ਤੋਂ ਕੁਝ ਨਹੀਂ ਖਰੀਦਾਂਗੇ ਅਤੇ ਜੋ ਅਸੀਂ ਖਰੀਦਿਆ ਹੈ ਉਸ ਨੂੰ ਸੁੱਟ ਦੇਵਾਂਗੇ। ਹਾਲਾਂਕਿ ਨੋਮਾਨ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਸੰਸਦ ਦੇ ਰੈਸਟੋਰੈਂਟ ‘ਚ ਕਿਹੜੀ ਕੰਪਨੀ ਦੇ ਉਤਪਾਦਾਂ ‘ਤੇ ਰੋਕ ਲਗਾਈ ਗਈ ਹੈ। ਰਾਇਟਰਜ਼ ਮੁਤਾਬਕ ਤੁਰਕੀ ਦੀ ਸੰਸਦ ਨੇ ਕੋਕਾ-ਕੋਲਾ ਅਤੇ ਨੇਸਲੇ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਹੈ। ਸਮਾਚਾਰ ਏਜੰਸੀ ਨੇ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਕੋਕਾ-ਕੋਲਾ ਅਤੇ ਨੇਸਲੇ ਨੂੰ ਪਾਰਲੀਮੈਂਟ ਰੈਸਟੋਰੈਂਟ ਦੇ ਮੇਨੂ ਤੋਂ ਹਟਾ ਦਿੱਤਾ ਗਿਆ ਹੈ।
ਇਜ਼ਰਾਈਲ-ਹਮਾਸ ਯੁੱਧ ਵਿੱਚ ਤੁਰਕੀ ਦਾ ਰੁਖ
ਤੁਰਕੀ ਨੇ ਗਾਜ਼ਾ ‘ਤੇ ਇਜ਼ਰਾਇਲੀ ਹਮਲਿਆਂ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਇਸ ਦੇ ਨਾਲ ਹੀ ਇਜ਼ਰਾਈਲ ਨੂੰ ਮਿਲ ਰਹੇ ਪੱਛਮੀ ਸਮਰਥਨ ਦੀ ਵੀ ਨਿੰਦਾ ਕੀਤੀ ਹੈ। ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਤੁਰਕੀ ਨੇ ਇਜ਼ਰਾਈਲ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਸੀ। ਰਾਜਦੂਤ ਦੀ ਵਾਪਸੀ ਬਾਰੇ ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਗਾਜ਼ਾ ਵਿੱਚ ਹੋਈ ਮਨੁੱਖੀ ਤ੍ਰਾਸਦੀ ਦੇ ਮੱਦੇਨਜ਼ਰ ਅਸੀਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾਇਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਸਲਾਹ ਲਈ ਇਜ਼ਰਾਈਲ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ।