ਲੁਧਿਆਣਾ : ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੀ ਪੂਰਵਲੀ ਸ਼ਾਮ ‘ਤੇ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਧਾਰਾ-144 ਤਹਿਤ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ। ਜਾਰੀ ਹੁਕਮਾਂ ਮੁਤਾਬਕ ਦੀਵਾਲੀ ‘ਤੇ ਰਾਤ 8 ਵਜੇ ਤੋਂ 10 ਵਜੇ ਤੱਕ, ਗੁਰਪੁਰਬ ‘ਤੇ ਸਵੇਰੇ 4 ਤੋਂ 5 ਵਜੇ ਅਤੇ ਰਾਤ 9 ਤੋਂ 10 ਵਜੇ ਤੱਕ, ਕ੍ਰਿਸਮਿਸ ਅਤੇ ਨਵੇਂ ਸਾਲ ‘ਤੇ ਰਾਤ 11.55 ਤੋਂ ਰਾਤ 12.30 ਤੱਕ ਪਟਾਕੇ ਚਲਾਏ ਜਾ ਸਕਦੇ ਹਨ।
ਹੁਕਮਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਉਕਤ ਸਮੇਂ ਤੋਂ ਪਹਿਲਾਂ ਅਤੇ ਬਾਅਦ ‘ਚ ਜ਼ਿਲ੍ਹੇ ‘ਚ ਪਟਾਕੇ ਚਲਾਉਣ ‘ਤੇ ਪੂਰਨ ਰੋਕ ਰਹੇਗੀ। ਪੁਲਸ ਵਿਭਾਗ ਵੱਲੋਂ ਇਹ ਯਕੀਨੀ ਕੀਤਾ ਜਾਵੇਗਾ ਕਿ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਨਿਰਧਾਰਿਤ ਸਮੇਂ ਦੌਰਾਨ ਹੀ ਹੋਵੇ ਅਤੇ ਪਾਬੰਦੀਸ਼ੁਦਾ ਪਟਾਕਿਆਂ ਦੀ ਵਿਕਰੀ ਨਾ ਹੋਵੇ।
ਇਸ ਦੇ ਨਾਲ ਹੀ ਸਾਈਲੈਂਸ ਜ਼ੋਨ ਜਿਵੇਂ ਕਿ ਹਸਪਤਾਲ, ਸਿੱਖਿਅਕ ਅਦਾਰਿਆਂ, ਧਾਰਮਿਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ‘ਚ ਪਟਾਕੇ ਆਦਿ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਕਾਨੂੰਨੀ ਸਜ਼ਾ ਦਾ ਹੱਕਦਾਰ ਹੋਵੇਗਾ।