ਖਾਲਿਸਤਾਨ ਪੱਖੀ ਲੀਡਰ ਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਖਿਲਾਫ ਅੰਮ੍ਰਿਤਸਰ ਵਿੱਚ ਕੇਸ ਦਰਜ ਹੋਇਆ ਹੈ। ਇਹ ਕੇਸ ਦੁਰਗਿਆਣਾ ਮੰਦਿਰ ਕਮੇਟੀ ਨੇ ਦਰਜ ਕਰਾਇਆ ਹੈ। ਗੁਰਪਤਵੰਤ ਪੰਨੂ ਦਾ ਬੀਤੇ ਦਿਨ ਦੁਰਗਿਆਣਾ ਮੰਦਿਰ ਬਾਰੇ ਧਮਕੀ ਭਰਿਆ ਬਿਆਨ ਸਾਹਮਣੇ ਆਇਆ ਸੀ। ਇਸ ਨੂੰ ਆਧਾਰ ਬਣਾ ਕੇ ਹੀ ਗੁਰਪਤਵੰਤ ਪੰਨੂ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ।
ਗੁਰਪਤਵੰਤ ਪੰਨੂ ਨੇ ਦੁਰਗਿਆਣਾ ਮੰਦਿਰ ਪ੍ਰਬੰਧਕ ਕਮੇਟੀ ਨੂੰ ਧਮਕੀ ਦਿੱਤੀ ਸੀ ਕਿ ਮੰਦਿਰ ਦੇ ਦਰਵਾਜ਼ੇ ਬੰਦ ਕਰਕੇ ਇਸ ਦੀਆਂ ਚਾਬੀਆਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਸੌਂਪ ਦੇਣ, ਨਹੀਂ ਤਾਂ ਪੰਥ ਆਜ਼ਾਦ ਹੋਣ ‘ਤੇ ਇਸ ਦਾ ਫੈਸਲਾ ਕੀਤਾ ਜਾਏਗਾ। ਵੀਡੀਓ ਜਾਰੀ ਕਰਕੇ ਪੰਨੂ ਨੇ ਕਿਹਾ ਸੀ ਕਿ ਅਯੁੱਧਿਆ ‘ਚ ਵਿਵਾਦਤ ਢਾਂਚੇ ਨੂੰ ਢਾਹ ਕੇ ਰਾਮ ਮੰਦਰ ਬਣਾਇਆ ਗਿਆ। ਇਹ ਨਿਸ਼ਚਿਤ ਹੈ ਕਿ ਅਯੁੱਧਿਆ ਰਾਮ ਦੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਚੌਥੇ ਪਾਤਿਸ਼ਾਹ ਗੁਰੂ ਸ਼੍ਰੀ ਰਾਮਦਾਸ ਜੀ ਦੁਆਰਾ ਵਸਾਇਆ ਗਿਆ ਸ਼ਹਿਰ ਹੈ ਤੇ ਇਹ ਗੁਰੂ ਰਾਮਦਾਸ ਜੀ ਦਾ ਹੀ ਰਹੇਗਾ। ਇੱਥੇ ਸ਼੍ਰੀ ਹਰਿਮੰਦਰ ਜੀ ਦੇ ਬਰਾਬਰ ਦੁਰਗਿਆਣਾ ਮੰਦਰ ਬਣਾਇਆ ਗਿਆ ਹੈ। ਇਸ ਲਈ ਇਸ ਦੀ ਇੱਥੇ ਕੋਈ ਥਾਂ ਨਹੀਂ। ਇਹ ਸ਼ਹਿਰ ਸ਼੍ਰੀ ਗੁਰੂ ਰਾਮਦਾਸ ਜੀ ਦਾ ਹੈ।
ਪੰਨੂ ਨੇ ਕਿਹਾ ਕਿ ਉਨ੍ਹਾਂ ਦੀ ਮੰਦਰ ਕਮੇਟੀ ਨੂੰ ਸਲਾਹ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਮੰਦਰ ਦੇ ਦਰਵਾਜ਼ੇ ਬੰਦ ਕਰਕੇ ਚਾਬੀਆਂ ਸੌਂਪ ਦੇਣ। ਜੇਕਰ ਮੰਦਰ ਕਮੇਟੀ ਅਜਿਹਾ ਨਹੀਂ ਕਰਦੀ ਤਾਂ ਜਦੋਂ ਪੰਥ ਆਜ਼ਾਦ ਹੋਵੇਗਾ ਤਾਂ ਸਭ ਤੋਂ ਪਹਿਲਾਂ ਪੰਜਾਬ ਭਾਰਤ ਤੋਂ ਆਜ਼ਾਦ ਹੋਵੇਗਾ। ਉਸ ਤੋਂ ਬਾਅਦ ਪੰਥ ਫੈਸਲਾ ਕਰੇਗਾ ਕਿ ਦੁਰਗਿਆਣਾ ਮੰਦਰ ਦਾ ਕੀ ਬਣੇਗਾ? ਇਸ ਤੋਂ ਇਲਾਵਾ ਪੰਨੂ ਨੇ ਹਰਿਦੁਆਰ ਤੇ ਗਵਾਲੀਅਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ।
ਇਸ ਦੇ ਨਾਲ ਹੀ ਅੱਜ ਗੁਰਪਤਵੰਤ ਸਿੰਘ ਪੰਨੂ ਨੇ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੂੰ ਉਕਸਾਇਆ ਹੈ। ਪੰਨੂ ਨੇ ਕਿਹਾ ਕਿ ਪੀਏਯੂ ਨੇ ਦੁਨੀਆਂ ਵਿੱਚ ਬਹੁਤ ਨਾਮ ਕਮਾਇਆ ਹੈ ਕਿਉਂਕਿ ਉੱਥੇ ਵੱਡੀਆਂ-ਵੱਡੀਆਂ ਖੋਜਾਂ ਹੋਈਆਂ ਹਨ। ਪੰਨੂ ਨੇ ਕਿਹਾ ਹੈ ਕਿ ਇੱਥੋਂ ਹੀ ਖਾਲਿਸਤਾਨ ਦੀ ਲਹਿਰ ਚੱਲ਼ਦੀ ਸੀ। ਇਸ ਲਈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਨਹੀਂ ਹੋਣਾ ਚਾਹੀਦਾ।
ਦਰਅਸਲ ਪੰਨੂ ਪਹਿਲਾਂ ਵੀ ਸੀਐਮ ਮਾਨ ਨੂੰ ਧਮਕੀ ਦੇ ਚੁੱਕਾ ਹੈ। ਪੰਨੂ ਨੇ ਹੁਣ ਨਵਾਂ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਉਸ ਨੇ ਕਿਹਾ ਹੈ ਕਿ ਮੈਂ ਵੀ ਇਸ ਕੈਂਪਸ ਵਿੱਚ 1990 ਵਿੱਚ ਰਿਹਾ ਹਾਂ। ਪੰਨੂ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨ ਦੀ ਲਹਿਰ ਪੀਏਯੂ ਕੈਂਪਸ ਤੋਂ ਹੀ ਚੱਲ਼ਦੀ ਸੀ। ਪੰਨੂ ਨੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਪੀਏਯੂ ਦੇ ਵਾਈਸ ਚਾਂਸਲਰ (ਵੀਸੀ) ਸਤਬੀਰ ਸਿੰਘ ਗੋਇਲ ਦੀ ਫੋਟੋ ਵੀਡੀਓ ਵਿੱਚ ਪਾ ਕੇ ਦਿੱਤਾ ਗਿਆ ਹੈ। ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਨਹੀਂ ਸਗੋਂ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਮਾਨ ਇੱਕ ਚੁਟਕਲੇਬਾਜ ਹੈ।