ਚੰਡੀਗੜ੍ਹ ਵਿੱਤ ਹੁਣ 29 ਜਨਵਰੀ ਨੂੰ ਹੀ ਸਕੂਲ ਖੁੱਲ੍ਹਣਗੇ। ਇਸ ਲਈ ਓਨਾ ਚਿਰ ਆਨਲਾਈਨ ਕਲਾਸਾਂ ਲੱਗਣਗੀਆਂ। ਯੂਟੀ ਚੰਡੀਗੜ੍ਹ ਦੇ ਸਰਕਾਰੀ, ਏਡਿਡ ਤੇ ਨਿੱਜੀ ਸਕੂਲਾਂ ਵਿੱਚ ਪੰਜਵੀਂ ਜਮਾਤ ਤਕ ਦੀਆਂ ਛੁੱਟੀਆਂ 25 ਜਨਵਰੀ ਤਕ ਵਧਾ ਦਿੱਤੀਆਂ ਗਈਆਂ ਹਨ। ਇਹ ਫ਼ੈਸਲਾ ਹੱਡ-ਚੀਰਵੀਂ ਠੰਢ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ।
ਬੇਸ਼ੱਕ ਛੁੱਟੀਆਂ 25 ਜਨਵਰੀ ਤੱਕ ਵਧਾਈਆਂ ਹਨ ਪਰ ਹੁਣ ਇਨ੍ਹਾਂ ਜਮਾਤਾਂ ਲਈ ਸਕੂਲ 26 ਜਨਵਰੀ ਤੋਂ ਹੀ ਖੁੱਲ੍ਹਣਗੇ ਕਿਉਂਕਿ 26 ਨੂੰ ਗਣਤੰਤਰ ਦਿਵਸ ਹੈ ਤੇ ਇਸ ਦਿਨ ਸਕੂਲ ਦੇ ਸੀਮਤ ਵਿਦਿਆਰਥੀ ਹੀ ਪਰੇਡ ਲਈ ਸੱਦੇ ਜਾਂਦੇ ਹਨ ਤੇ ਆਮ ਤੌਰ ’ਤੇ ਅਗਲੇ ਦਿਨ ਪ੍ਰਸ਼ਾਸਨ ਵੱਲੋਂ ਛੁੱਟੀ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਹੁਣ ਇਨ੍ਹਾਂ ਜਮਾਤਾਂ ਲਈ ਸਕੂਲ 29 ਜਨਵਰੀ ਨੂੰ ਹੀ ਖੁੱਲ੍ਹਣਗੇ। ਦੂਜੇ ਪਾਸੇ ਛੇਵੀਂ ਤੋਂ ਉਤੇ ਦੀਆਂ ਜਮਾਤਾਂ ਲਈ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਆਨਲਾਈਨ ਜਮਾਤਾਂ ਲਗਾ ਸਕਦੇ ਹਨ ਪਰ ਇਹ ਸਕੂਲ ਪ੍ਰਬੰਧਕਾਂ ’ਤੇ ਨਿਰਭਰ ਕਰੇਗਾ ਕਿ ਉਹ ਸਕੂਲ ਖੋਲ੍ਹਣਾ ਚਾਹੁੰਦੇ ਹਨ ਜਾਂ ਆਨਲਾਈਨ ਜਮਾਤਾਂ ਲਾਉਣਾ ਚਾਹੁੰਦੇ ਹਨ। ਇਸ ਸਬੰਧੀ ਹੁਕਮ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਜਾਰੀ ਕੀਤੇ।
ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ ਆਮ ਵਾਂਗ ਖੁੱਲ੍ਹਣਗੇ ਪਰ ਕੋਈ ਵੀ ਸਕੂਲ ਸਵੇਰੇ ਸਾਢੇ ਨੌਂ ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹੇਗਾ ਤੇ ਸ਼ਾਮ ਵਾਲੀਆਂ ਸ਼ਿਫਟਾਂ ਸਣੇ ਦੁਪਹਿਰ ਚਾਰ ਵਜੇ ਤੋਂ ਪਹਿਲਾਂ ਸਕੂਲ ਬੰਦ ਹੋਣੇ ਚਾਹੀਦੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਪੰਜਵੀਂ ਤਕ ਦੀਆਂ ਜਮਾਤਾਂ ਲਈ ਛੁੱਟੀਆਂ 25 ਜਨਵਰੀ ਤਕ ਵਧਾ ਦਿੱਤੀਆਂ ਹਨ। ਇਹ ਫੈਸਲਾ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਜਾਰੀ ਰਹਿਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਕੀਤਾ ਗਿਆ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਡੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਤੋਂ ਬਾਅਦ ਵਿਦਿਆਰਥੀਆਂ ਦੇ ਹਿੱਤਾਂ ਤੇ ਠੰਢ ਦੇ ਮੱਦੇਨਜ਼ਰ ਪ੍ਰਬੰਧ ਯਕੀਨੀ ਬਣਾਉਣਗੇ। ਉਨ੍ਹਾਂ ਸਕੂਲ ਦੇ ਅਧਿਆਪਕਾਂ ਦਾ ਸਮਾਂ ਵੀ ਇਸ ਅਨੁਸਾਰ ਤਬਦੀਲ ਕਰਨ ਲਈ ਕਿਹਾ ਹੈ।