ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਚੰਦਰਮਾ ਦੀ ਪਰਿਕਰਮਾ ਕਰ ਰਹੇ ਪੁਲਾੜੀ ਜਹਾਜ਼ ਨੇ ਭਾਰਤ ਦੇ ਚੰਦਰਯਾਨ-3 ਮਿਸ਼ਨ ਤਹਿਤ ਭੇਜੇ ਗਏ ਵਿਕਰਮ ਲੈਂਡਰ ਦੀ ਚੰਦਰਮਾ ’ਤੇ ਸਥਿਤੀ ਦਾ ਸਫਲਤਾਪੂਰਵਕ ਪਤਾ ਲਗਾ ਲਿਆ ਹੈ। ਨਾਸਾ ਨੇ ਕਿਹਾ ਕਿ ਲੇਜ਼ਰ ਰੋਸ਼ਨੀ ਨੂੰ ਲੂਨਰ ਰੇਕਾਨਾਈਸੈਂਸ ਆਰਬਿਟਰ (ਐੱਲ. ਆਰ. ਓ.) ਅਤੇ ਵਿਕਰਮ ਲੈਂਡਰ ’ਤੇ ਇਕ ਛੋਟੇ ਰੇਟਰੋਫਲੈਕਟਰ ਦੇ ਵਿਚਕਾਰ ਪ੍ਰਸਾਰਿਤ ਅਤੇ ਪ੍ਰਤੀਬਿੰਬਿਤ ਕੀਤਾ ਗਿਆ, ਜਿਸ ਨਾਲ ਚੰਦਰਮਾ ਦੀ ਸਤ੍ਹਾ ’ਤੇ ਟੀਚਿਆਂ ਦੀ ਸ਼ੁੱਧਤਾ ਦਾ ਪਤਾ ਲਗਾਉਣ ਦੀ ਇਕ ਨਵੀਂ ਸ਼ੈਲੀ ਦਾ ਤਰੀਕਾ ਮਿਲ ਗਿਆ।
ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਵਿਚ ਮੰਜਿਨੈੱਸ ਕ੍ਰੇਟਰ ਦੇ ਨੇੜੇ ਐੱਲ. ਆਰ. ਓ. ਤੋਂ 100 ਕਿਲੋਮੀਟਰ ਦੂਰ ਸੀ, ਜਦੋਂ ਐੱਲ. ਆਰ. ਓ. ਨੇ ਪਿਛਲੇ ਸਾਲ 12 ਦਸੰਬਰ ਨੂੰ ਇਸਦੇ ਵੱਲ ਲੇਜ਼ਰ ਤਰੰਗਾਂ ਭੇਜੀਆਂ। ਆਰਬਿਟਰ ਨੇ ਵਿਕਰਮ ’ਤੇ ਲੱਗੇ ਇਕ ਛੋਟੇ ਰੇਟਰੋਫਲੈਕਟਰ ਤੋਂ ਵਾਪਸ ਆਉਣ ਵਾਲੀ ਰੋਸ਼ਨੀ ਨੂੰ ਰਿਕਾਰਡ ਕੀਤਾ, ਜਿਸ ਤੋਂ ਬਾਅਦ ਨਾਸਾ ਦੇ ਵਿਗਿਆਨੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਤਕਨੀਕ ਕੰਮ ਕਰ ਰਹੀ ਹੈ।