ਚੰਡੀਗੜ੍ਹ : ਪੰਜਾਬ ‘ਚ ਲਗਾਤਾਰ ਪੈ ਰਹੀ ਹੱਡ ਚੀਰਵੀਂ ਠੰਡ ਦੌਰਾਨ ਸੂਬੇ ਦੇ ਸਕੂਲਾਂ ‘ਚ ਛੁੱਟੀਆਂ ਨਹੀਂ ਵਧਾਈਆਂ ਗਈਆਂ ਹਨ। ਹਾਲਾਂਕਿ ਸਭ ਨੂੰ ਲੱਗ ਰਿਹਾ ਸੀ ਕਿ ਹੱਡ ਭੰਨਵੀਂ ਠੰਡ ਦੌਰਾਨ ਬੱਚਿਆਂ ਦੀਆਂ ਛੁੱਟੀਆਂ ‘ਚ ਵਾਧਾ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਫਿਲਹਾਲ ਸੂਬੇ ਦੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ। ਦੂਜੇ ਪਾਸੇ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਕੁੱਝ ਦਿਨ ਠੰਡ ਹੋਰ ਜ਼ੋਰ ਫੜ੍ਹੇਗੀ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ‘ਚ ਕੋਲਡ ਡੇਅ ਦੀ ਚਿਤਾਵਨੀ ਜਾਰੀ ਹੋਈ ਹੈ। ਇਸ ਦੇ ਮੁਤਾਬਕ ਘੱਟੋ-ਘੱਟ ਤਾਪਮਾਨ ‘ਚ 2 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਕੜਾਕੇ ਦੀ ਠੰਡ ਦਰਮਿਆਨ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ‘ਚ ਛੁੱਟੀਆਂ ਵਧਾ ਦਿੱਤੀਆਂ ਹਨ। ਹੁਣ ਪੰਜਵੀ ਜਮਾਤ ਤੱਕ ਸਕੂਲਾਂ 27 ਜਨਵਰੀ ਤੱਕ ਬੰਦ ਰਹਿਣਗੇ। 28 ਜਨਵਰੀ ਨੂੰ ਐਤਵਾਰ ਹੈ। ਇਸ ਲਈ ਸਕੂਲ 29 ਜਨਵਰੀ ਨੂੰ ਖੁੱਲ੍ਹਣਗੇ।
ਪੰਜਾਬ ਤੇ ਹਰਿਆਣਾ ‘ਚ ਵਿਗੜਨ ਲੱਗੇ ਹਾਲਾਤ
ਉੱਤਰ ਭਾਰਤ ‘ਚ ਅਗਲੇ ਕੁਝ ਦਿਨਾਂ ਦੌਰਾਨ ਪੈਣ ਵਾਲੀ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਤੋਂ ਬਚਾਅ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਹਾਲਾਤ ਵਿਗੜਨਗੇ। ਧੁੰਦ ਕਾਰਨ ਵਾਹਨ ਰੇਂਗਣ ’ਤੇ ਮਜਬੂਰ ਹੋ ਸਕਦੇ ਹਨ। ਇਸੇ ਵਿਚਕਾਰ ਠੰਡ ਕਾਰਨ ਤਾਪਮਾਨ ਵਿਚ ਗਿਰਾਵਟ ਹੋਵੇਗੀ। ਦੂਜੇ ਪਾਸੇ 23-24 ਜਨਵਰੀ ਨੂੰ ਵੱਖ-ਵੱਖ ਥਾਵਾਂ ’ਤੇ ਧੁੰਦ ਦਾ ਕਹਿਰ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਇਸੇ ਕ੍ਰਮ ਵਿਚ ਜਾਨਲੇਵਾ ਕੋਲਡ ਡੇਅ ਦੀ ਸਥਿਤੀ ਵਿਚ ਵੱਖ-ਵੱਖ ਥਾਵਾਂ ’ਤੇ ਸਥਿਤੀਆਂ ਵਿਗੜਨ ਦੇ ਹਾਲਾਤ ਬਣੇ ਹੋਏ ਹਨ। ਵੱਖ-ਵੱਖ ਸੂਬਿਆਂ ਵਿਚ ਇਸ ਮਿਆਦ ਦੌਰਾਨ ਵੱਖ-ਵੱਖ ਥਾਵਾਂ ’ਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।