ਸਿਟੀ ਪੁਲਿਸ ਮੋਰਿੰਡਾ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ।
ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਅਜੇ ਪੁੱਤਰ ਟੋਨੀ ਵਾਸੀ ਚਤਾਮਲੀ ਥਾਣਾ ਸਿੰਘ ਭਗਵੰਤਪੁਰ ਜ਼ਿਲ੍ਹਾ ਰੂਪਨਗਰ ਨੇ ਸ਼ਿਕਾਇਤ ਕੀਤੀ ਸੀ ਕਿ 17 ਜਨਵਰੀ ਨੂੰ ਉਹ ਤੇ ਉਸ ਦਾ ਫੁੱਫੜ ਸੋਢੀ ਪੁੱਤਰ ਮੋਹਣਾ ਵਾਸੀ ਚਤਾਮਲੀ ਆਪਣੇ ਮੋਟਰਸਾਈਕਲ ’ਤੇ ਪਿੰਡ ਬੜੀ ਮੜੌਲੀ ਤੇ ਛੋਟੀ ਮੜੌਲੀ ਵੱਲ ਨੂੰ ਜਾ ਰਹੇ ਸੀ। ਉਹ ਬਾਈਪਾਸ ਰੋਡ ਤੇ ਪੁਲ ਦੇ ਥੱਲੇ ਤਿੰਨ ਲੜਕਿਆਂ ਨੇ ਖ਼ੁਦ ਨੂੰ ਪੁਲਿਸ ਵਾਲੇ ਦੱਸ ਕੇ ਉਨ੍ਹਾਂ ਦੀ ਤਲਾਸ਼ੀ ਲੈਣ ਬਹਾਨੇ ਜੇਬ ’ਚੋਂ 60,100 ਰੁਪਏ ਕੱਢ ਲਏ। ਜਦੋਂ ਉਨ੍ਹਾਂ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਲੜਕਿਆਂ ਨੇ ਕੁੱਟਿਆਂ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਕਾਰਨ ਉਨ੍ਹਾਂ ਨੇ ਕਈ ਦਿਨ ਪੁਲਿਸ ਨੂੰ ਸ਼ਿਕਾਇਤ ਨਹੀ ਕੀਤੀ। ਫਿਰ ਪਤਾ ਲੱਗਾ ਕਿ ਉਹ ਸ਼ੰਮਾ ਪੁੱਤਰ ਜਸਵੀਰ ਵਾਸੀ ਅਰਨੌਲੀ, ਸੰਤੂ ਪੁੱਤਰ ਸਪਿੰਦਰ ਵਾਸੀ ਛੋਟੀ ਮੜੌਲੀ ਅਤੇ ਜੱਗੀ ਪੁੱਤਰ ਮੇਜਰ ਵਾਸੀ ਰਤਨਗੜ੍ਹ ਹਨ।
ਮਾਮਲੇ ਦੇ ਤਫਤੀਸ਼ੀ ਅਫ਼ਸਰ ਅੰਗਰੇਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਮੋਟਰਸਾਈਕਲ ਤੇ 10 ਹਜ਼ਾਰ ਰੁਪਏ ਬਰਾਮਦ ਹੋਏ। ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛ-ਪੜਤਾਲ ਕੀਤੀ ਜਾਵੇਗੀ।