ਆਗਰਾ ਵਿੱਚ ਵਿਸ਼ਵ ਦੀ ਸਭ ਤੋਂ ਵਿਰਾਟ ਰਾਮਾਇਣ ਤਿਆਰ ਕੀਤੀ ਜਾ ਰਹੀ ਹੈ । ਸਟੀਲ ਨਾਲ ਤਿਆਰ ਹੋ ਰਹੀ ਇਸ ਰਾਮਾਇਣ ਦਾ ਭਾਰ 3000 ਕਿਲੋਗ੍ਰਾਮ ਹੋਵੇਗਾ ਅਤੇ ਇਸਦੀ ਲੰਬਾਈ 9 ਫੁੱਟ ਅਤੇ ਚੌੜਾਈ 5 ਫੁੱਟ ਹੋਵੇਗੀ। ਸਟੀਲ ਦੇ ਪੰਨਿਆਂ ‘ਤੇ ਉਕੇਰ ਕੇ ਰਾਮਾਇਣ ਨੂੰ ਅੰਕਿਤ ਕੀਤਾ ਗਿਆ ਹੈ ਜੋ ਸਾਰੀ ਉਮਰ ਸੁਰੱਖਿਅਤ ਰਹੇਗੀ । ਇਸ ਵਿਰਾਟ ਰਾਮਾਇਣ ਨੂੰ ਸ਼੍ਰੀ ਕ੍ਰਿਸ਼ਨ ਗ੍ਰੰਥਾਲਯ ਧਰੋਹਰ ਸੰਸਥਾ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਇਸ ਰਾਮਾਇਣ ਦੇ ਪੰਨੇ ਇੰਨੇ ਭਾਰੇ ਹੋਣਗੇ ਕਿ ਇਨ੍ਹਾਂ ਨੂੰ ਪਲਟਣ ਲਈ ਸੈਂਸਰ ਮੋਟਰ ਦੀ ਲੋੜ ਪਵੇਗੀ।
ਸੈਂਸਰ ਮੋਟਰ ਰਾਹੀਂ ਹੀ ਇਸ ਰਾਮਾਇਣ ਦੇ ਪੰਨਿਆਂ ਨੂੰ ਪਲਟਿਆ ਜਾ ਸਕੇਗਾ ਕਿਉਂਕਿ ਇੱਕ ਪੰਨੇ ਦਾ ਭਾਰ ਕਰੀਬ 100 ਕਿਲੋਗ੍ਰਾਮ ਰਹੇਗਾ । ਅਯੁੱਧਿਆ ਵਿੱਚ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ਅਤੇ ਪੂਰਾ ਦੇਸ਼ ਇਸ ਸਮੇਂ ਰਾਮਮਈ ਮਾਹੌਲ ਵਿੱਚ ਰੰਗਿਆ ਹੋਇਆ ਹੈ । ਇਸੇ ਕੜੀ ਵਿੱਚ ਸ਼੍ਰੀ ਕ੍ਰਿਸ਼ਨ ਗ੍ਰੰਥਾਲਯ ਧਰੋਹਰ ਸੰਸਥਾ ਵੀ ਜੁੜ ਗਈ ਹੈ । ਸਟੀਲ ਦੇ ਉਪਰ ਰਾਮਾਇਣ ਦੇ ਸ਼ਬਦਾਂ ਨੂੰ ਖੁਰੇਦ ਕੇ ਲਿਖਿਆ ਗਿਆ ਹੈ, ਉਸ ਤੋਂ ਬਾਅਦ ਉਸ ਵਿੱਚ ਰੰਗ ਭਰ ਕੇ ਰਾਮਾਇਣ ਦੇ ਸ਼ਬਦਾਂ ਨੂੰ ਤਿਆਰ ਕੀਤਾ ਗਿਆ ਹੈ। ਇਸਦੀ ਲਾਗਤ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗੀ । ਅਜੇ ਸੰਸਥਾ ਨੇ ਮਾਡਲ ਦੇ ਰੂਪ ਵਿੱਚ ਸਟੀਲ ਦੀ ਰਾਮਾਇਣ ਤਿਆਰ ਕੀਤੀ ਹੈ, ਜਿਸਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਭੇਂਟ ਕੀਤਾ ਜਾਵੇਗਾ । ਇਸਦਾ ਉਦੇਸ਼ ਧਾਰਮਿਕ ਗ੍ਰੰਥਾਂ ਨੂੰ ਸੁਰੱਖਿਅਤ ਰੱਖਣ ਦਾ ਹੈ। ਦੱਸ ਦੇਈਏ ਕਿ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਣ ਤੋਂ ਬਾਅਦ ਅਗਲੇ ਸਾਲ ਯਾਨੀ 22 ਜਨਵਰੀ 2025 ਨੂੰ ਜਦੋਂ ਮੰਦਰ ਦੀ ਪਹਿਲੀ ਵਰ੍ਹੇਗੰਢ ਹੋਵੇਗੀ ਤਾਂ ਇਸ 3000 ਕਿਲੋਗ੍ਰਾਮ ਦੀ ਰਾਮਾਇਣ ਨੂੰ ਅਯੁੱਧਿਆ ਮੰਦਰ ਨੂੰ ਭੇਂਟ ਕਰ ਦਿੱਤਾ ਜਾਵੇਗਾ ਤਾਂ ਜੋਂ ਸਦਾ ਲਈ ਵਿਰਾਟ ਰਾਮਾਇਣ ਸੁਰੱਖਿਅਤ ਰਹੇ । ਸੰਸਥਾ ਦੀ ਪ੍ਰਧਾਨ ਆਰਾਧਿਆ ਸੈਨੀ ਨੇ ਦੱਸਿਆ ਕਿ ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮਲੱਲਾ ਪ੍ਰਾਣ ਪ੍ਰਤੀਸ਼ਠਾ ਹੋਣੀ ਹੈ ਜਿਸਦੇ ਚੱਲਦਿਆਂ ਪੂਰਾ ਦੇਸ਼ ਭਗਵਾਨ ਰਾਮ ਦੇ ਰੰਗਾਂ ਵਿੱਚ ਰੰਗਿਆ ਦਿਖਾਈ ਦੇ ਰਿਹਾ ਹੈ ਅਤੇ ਸਾਡਾ ਉਦੇਸ਼ ਰਹਿੰਦਾ ਹੈ ਕਿ ਅਸੀਂ ਆਪਣੇ ਗ੍ਰੰਥਾਂ ਨੂੰ ਸੁਰੱਖਿਅਤ ਕਿਵੇਂ ਰੱਖ ਸਕੀਏ ਇਸ ਲਈ ਅਸੀਂ ਸਟੀਲ ਨਾਲ ਵਿਰਾਟ ਰਾਮਾਇਣ ਬਣਾਉਣ ਦਾ ਮਨ ਬਣਾਇਆ । ਸੰਸਥਾ ਨੇ ਮੈਂਬਰਾਂ ਨੇ ਮਿਲ ਕੇ ਇਸਦਾ ਅਜੇ ਛੋਟਾ ਮਾਡਲ ਤਿਆਰ ਕਰ ਲਿਆ ਹੈ।