ਸ਼੍ਰੀਲੰਕਾ ਦੀ ਜਲਸੈਨਾ ਨੇ 12 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ ਦੀਪ ਰਾਸ਼ਟਰ ਦੇ ਜਲ ਖੇਤਰ ਵਿਚ ਮੱਛੀ ਫੜਨ ਦਾ ਦੋਸ਼ ਹੈ। ਮਛੇਰਿਆਂ ਦੀਆਂ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ। ਇਕ ਅਧਿਕਾਰਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਜਲ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਮਛੇਰਿਆਂ ਨੂੰ ਉੱਤਰੀ ਜਾਫਨਾ ਦੀਪ ਵਿਚ ਕਰਾਈਨਗਰ ਕਿਨਾਰੇ ਤੋਂ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੀਆਂ ਤਿੰਨ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਵਿਚ ਅੱਗੇ ਕਿਹਾ ਗਿਆ ਕਿ ਉਨ੍ਹਾਂ ਨੂੰ ਕਾਰਵਾਈ ਲਈ ਕਾਂਕੇਸੰਥੁਰਈ ਬੰਦਰਗਾਹ ਲਿਜਾਇਆ ਗਿਆ ਹੈ।
ਭਾਰਤ ਤੇ ਸ਼੍ਰੀਲੰਕਾ ਵਿਚ ਮਛੇਰਿਆਂ ਦੇ ਮੁੱਦੇ ‘ਤੇ ਲੰਬੇ ਸਮੇਂ ਤੋਂ ਵਿਵਾਦ ਹੈ। ਪਿਛਲੇ ਸਾਲ ਸ਼੍ਰੀਲੰਕਾਈ ਜਲ ਸੈਨਾ ਦੇ ਮੁਲਾਜ਼ਮਾਂ ਨੇ ਭਾਰਤੀ ਮਛੇਰਿਆਂ ‘ਤੇ ਆਪਣੇ ਜਲਖੇਤਰ ਵਿਚ ਗਲਤ ਤਰੀਕੇ ਨਾਲ ਦਾਖਲ ਹੋਣ ਦਾ ਦੋਸ਼ ਲਗਾਇਆ ਸੀ ਤੇ ਅਤੇ ਉਨ੍ਹਾਂ ਉੱਤੇ ਪਾਕ ਸਟ੍ਰੇਟ ਵਿੱਚ ਗੋਲੀਬਾਰੀ ਕੀਤੀ ਗਈ ਸੀ। ਉਨ੍ਹਾਂ ਦੀਆਂ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ। ਪਾਕ ਸਟ੍ਰੇਟ ਤਾਮਿਲਨਾਡੂ ਨੂੰ ਸ਼੍ਰੀਲੰਕਾ ਤੋਂ ਵੱਖ ਕਰਨ ਵਾਲੀ ਇੱਕ ਤੰਗ ਪੱਟੀ ਹੈ। ਇਹ ਦੋਵਾਂ ਦੇਸ਼ਾਂ ਦੇ ਮਛੇਰਿਆਂ ਲਈ ਮੱਛੀ ਫੜਨ ਦਾ ਖੁਸ਼ਹਾਲ ਖੇਤਰ ਹੈ। ਸ਼੍ਰੀਲੰਕਾ ਦੇ ਅਧਿਕਾਰੀਆਂ ਵੱਲੋਂ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਘਟਨਾ ਸਮੇਂ-ਸਮੇਂ ‘ਤੇ ਹੁੰਦੀ ਰਹੀ ਹੈ।