ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ ਤੇ ਵਿਰੋਧੀ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੇਗੀ। CM ਮਾਨ ਨੇ ਕਿਹਾ ਕਿ ਲੋਕ ਉਨ੍ਹਾਂ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ ਸੂਬੇ ਦੀ ਸਾਰੀਆਂ ਸੀਟਾਂ ‘ਤੇ ਜਿੱਤ ਹਾਸਲ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕੇਜਰੀਵਾਲ ਜੀ ਨੇ ਇਮਾਨਦਾਰ ਤੇ ਪਾਰਦਰਸ਼ ਰਾਜਨੀਤੀ ਦਾ ਜੋ ਦੀਵਾ ਜਲਾਇਆ ਹੈ। ਉਸ ਤੋਂ ਜੋਤ ਲੈ ਕੇ ਅਸੀਂ ਪੰਜਾਬ ਵਿੱਚ ਵੀ ਰੌਸ਼ਨੀ ਕਰ ਰਹੇ ਹਾਂ ਤਾਂ ਹੀ ਪੰਜਾਬ ਹੀਰੋ ਬਣੇਗਾ। ਇਸ ਵਾਰ 13-0, ਇਨਕਲਾਬ ਜ਼ਿੰਦਾਬਾਦ।
ਦੱਸ ਦੇਈਏ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਗਠਜੋੜ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ, ਜਿਸ ਵਿਚ ਸੀਟ ਵੰਡ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਕਈ ਆਗੂ ਪਹਿਲਾਂ ਹੀ ਗਠਜੋੜ ਦਾ ਵਿਰੋਧ ਕਰ ਚੁੱਕੇ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਪੰਜਾਬ ਵਿਚ ‘ਆਪ’ ਇਕੱਲੇ ਹੀ ਚੋਣਾਂ ਲੜੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ ਕਾਂਗਰਸ ਤੇ ਆਪ ਵਿਚਾਲੇ ਸੀਟ ਸ਼ੇਅਰਿੰਗ ਨਹੀਂ ਹੋਵੇਗੀ ਤੇ ਇਸ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਦਿੱਲੀ ਵਿਚ ਸਹਿਮਤੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ‘ਆਪ’ ਨੇ ਦਿੱਲੀ ‘ਚ ਸੀਟਾਂ ਦੀ ਵੰਡ ‘ਤੇ ਚਰਚਾ ਕਰਨ ਲਈ ਪਹਿਲੀ ਮੀਟਿੰਗ ਕੀਤੀ। ‘ਆਪ’ ਨੇ ਗੁਜਰਾਤ ‘ਚ 1, ਹਰਿਆਣਾ ‘ਚ 3 ਅਤੇ ਗੋਆ ‘ਚ 1 ਸੀਟ ਦੇ ਬਦਲੇ ਕਾਂਗਰਸ ਨੂੰ 3 ਦਿੱਲੀ ਲੋਕ ਸਭਾ ਸੀਟਾਂ ਦੀ ਪੇਸ਼ਕਸ਼ ਕੀਤੀ ਹੈ।