ਜਲੰਧਰ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇੱਥੇ ਨਾਕੇ ‘ਤੇ ਖੜ੍ਹੇ ਥਾਣੇਦਾਰ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰੀ ਹੈ। ਕਾਰ ਸਵਾਰ ਥਾਣੇਦਾਰ ਨੂੰ ਘੜੀਸਦੇ ਹੋਏ ਕਾਫੀ ਦੂਰ ਤੱਕ ਲੈ ਗਿਆ। ਵਾਇਰਲ ਹੋ ਰਹੀ ਵੀਡੀਓ ਬੇਹੱਦ ਭਿਆਨਕ ਹੈ। ਇਹ ਘਟਨਾ ਸ਼ਾਹਕੋਟ ਦੀ ਹੈ। ਇਸ ਘਟਨਾ ਮਗਰੋਂ ਡਰਾਈਵਰ ਕਾਰ ਛੱਡ ਕੇ ਦੌੜ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਜਲੰਧਰ ਦੇ ਸ਼ਾਹਕੋਟ ਵਿੱਚ ਇੱਕ ਨਾਕੇ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਏਐਸਆਈ ਨੂੰ ਟੱਕਰ ਮਾਰ ਦਿੱਤੀ। ਕਾਰ ਉਸ ਨੂੰ ਆਪਣੇ ਨਾਲ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ। ਕੁਝ ਦੂਰੀ ’ਤੇ ਏਐਸਆਈ ਸੁਰਜੀਤ ਡਿਵਾਈਡਰ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਕਾਰ ਵੀ ਥੋੜ੍ਹੀ ਦੂਰ ਜਾ ਕੇ ਰੁਕ ਗਈ।
ਘਟਨਾ ਤੋਂ ਬਾਅਦ ਡਰਾਈਵਰ ਮੌਕੇ ‘ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਸਾਥੀ ਪੁਲਿਸ ਮੁਲਾਜ਼ਮਾਂ ਨੇ ਏਐਸਆਈ ਸੁਰਜੀਤ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕਾਰ ਏਐਸਆਈ ਨੂੰ ਟੱਕਰ ਮਾਰ ਕੇ ਉਸ ਨੂੰ ਘਸੀਟਦੀ ਹੋਈ ਦਿਖਾਈ ਦੇ ਰਹੀ ਹੈ। ਏਐਸਆਈ ਸੁਰਜੀਤ ਸਿੰਘ ਵਾਸੀ ਬਾਜਵਾ ਕਲਾਂ ਜਲੰਧਰ ਦੇਹਾਤ ਪੁਲਿਸ ਵਿੱਚ ਤਾਇਨਾਤ ਹੈ। ਵੀਰਵਾਰ ਨੂੰ ਸ਼ਾਹਕੋਟ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕਾਵਾਂ ਪੱਤਣ ‘ਚ ਹਾਈਟੈਕ ਚੌਕੀ ‘ਤੇ ਉਨ੍ਹਾਂ ਦੀ ਡਿਊਟੀ ਲਾਈ ਗਈ। ਦੁਪਹਿਰ ਵੇਲੇ ਚੌਕੀ ’ਤੇ ਉਨ੍ਹਾਂ ਨੇ ਚਿੱਟੇ ਰੰਗ ਦੀ ਜ਼ੈਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਡਰਾਈਵਰ ਰੁਕਣ ਦੀ ਬਜਾਏ ਕਾਰ ਭਜਾ ਕੇ ਲੈ ਗਿਆ। ਕਾਰ ਨੂੰ ਤੇਜ਼ ਰਫਤਾਰ ਨਾਲ ਆਪਣੇ ਵੱਲ ਆਉਂਦਾ ਦੇਖ ਕੇ ਏਐਸਆਈ ਸੁਰਜੀਤ ਨੇ ਸਾਈਡ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਕਾਰ ਨੂੰ ਏਐਸਆਈ ‘ਤੇ ਚੜ੍ਹਾ ਦਿੱਤਾ ਤੇ ਉਸ ਨੂੰ ਘਸੀਟ ਕੇ ਕੁਝ ਦੂਰੀ ‘ਤੇ ਡਿਵਾਈਡਰ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਕਾਰ ਦੁਬਾਰਾ ਹਾਈਵੇਅ ‘ਤੇ ਆ ਗਈ ਤੇ ਰੇਲਿੰਗ ਨਾਲ ਟਕਰਾ ਕੇ ਰੁਕ ਗਈ। ਡਰਾਈਵਰ ਤੁਰੰਤ ਕਾਰ ਤੋਂ ਹੇਠਾਂ ਉਤਰ ਕੇ ਭੱਜ ਗਿਆ। ਇਸ ਮਗਰੋਂ ਚੌਕੀ ’ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮ ਏਐਸਆਈ ਸੁਰਜੀਤ ਵੱਲ ਭੱਜੇ। ਉਹ ਤੁਰੰਤ ਏਐਸਆਈ ਨੂੰ ਸ਼ਾਹਕੋਟ ਸਿਵਲ ਹਸਪਤਾਲ ਲੈ ਗਏ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ। ਏਐਸਆਈ ਸੁਰਜੀਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਥਾਣਾ ਸ਼ਾਹਕੋਟ ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਲਈ ਕਾਰ ਦੇ ਵੇਰਵੇ ਕੱਢੇ ਜਾ ਰਹੇ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।