ਜਲੰਧਰ: ਆਦਰਸ਼ ਨਗਰ ਮਾਰਕੀਟ ’ਚ ਆਧੁਨਿਕ ਸਟਰੀਟ ਫੂਡ ਹੱਬ ਤਿਆਰ ਕੀਤਾ ਜਾਵੇਗਾ, ਜਿੱਥੇ ਜਲੰਧਰ ਵਾਸੀ ਜਲਦੀ ਹੀ ਸਾਫ਼ ਸਟ੍ਰੀਟ ਫੂਡ ਦਾ ਆਨੰਦ ਲੈ ਸਕਣਗੇ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜਲੰਧਰ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਪ੍ਰਸ਼ਾਸਨ ਵੱਲੋਂ ਚੁਣੀ ਗਈ ਸਾਈਟ ਨਾਲ ਸਬੰਧਤ ਵਿਸਥਾਰਤ ਪ੍ਰਾਜੈਕਟ ਰਿਪੋਰਟ ਇਕ ਹਫ਼ਤੇ ਦੇ ਅੰਦਰ-ਅੰਦਰ ਭੇਜਣ ਤਾਂ ਜੋ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਲਈ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਨਵਾਂ ਹੱਬ ਖਾਣ-ਪੀਣ ਦੇ ਸ਼ੌਕੀਨਾਂ ਲਈ ਸਾਫ਼-ਸੁਥਰਾ, ਹਵਾਦਾਰ, ਪ੍ਰਦੂਸ਼ਣ ਰਹਿਤ ਵਾਤਾਵਰਣ ਨੂੰ ਯਕੀਨੀ ਬਣਾਏਗਾ, ਜਿਸ ’ਚ ਸਾਫ਼ ਪਾਣੀ, ਪਾਰਕਿੰਗ ਦੇ ਪ੍ਰਬੰਧ ਅਤੇ ਸਫ਼ਾਈ ਅਤੇ ਕੂੜੇ ਦੇ ਨਿਪਟਾਰੇ ਵਰਗੀਆਂ ਆਮ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਭੋਜਨ ਵਿਕਰੇਤਾਵਾਂ ਅਤੇ ਸਹਾਇਕਾਂ ਨੂੰ ਵੀ ‘ਫੂਡ ਹਾਈਜੀਨ’ ਸਬੰਧੀ ਉਚਿਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਰੇਤਾਵਾਂ ਅਤੇ ਸਹਾਇਕਾਂ ਨੂੰ ਸਮਰੱਥ ਅਧਿਕਾਰੀ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ਼. ਐੱਸ. ਐੱਸ. ਏ. ਆਈ.) ਤੋਂ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਵੀ ਸਹਾਇਤਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਟ੍ਰੀਟ ਫੂਡ ਇੱਥੋਂ ਦੇ ਫੂਡ ਕਲਚਰ ਦਾ ਅਹਿਮ ਹਿੱਸਾ ਹੈ ਅਤੇ ਇਹ ਵਿਕ੍ਰੇਤਾਵਾਂ ਨੂੰ ਆਪਣੇ ਹੁਨਰ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਟ੍ਰੀਟ ਫੂਡ ਹੱਬ ਨਾ ਸਿਰਫ਼ ਭੋਜਨ ਤਿਆਰ ਕਰਨ ਦੌਰਾਨ ਸਾਫ਼-ਸਫ਼ਾਈ ਦੇ ਪੱਧਰ ’ਚ ਸੁਧਾਰ ਕਰੇਗਾ ਸਗੋਂ ਖ਼ਪਤਕਾਰਾਂ ਨੂੰ ਭੋਜਨ ਪਰੋਸਣ ਦੇ ਤਰੀਕੇ ’ਚ ਵੀ ਸੁਧਾਰ ਕਰੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਪ੍ਰਦੂਸ਼ਣ ਕਾਰਨ ਸੜਕਾਂ ਦੇ ਕਿਨਾਰੇ ਖਾਣ-ਪੀਣ ਤੋਂ ਪ੍ਰਹੇਜ਼ ਕਰਦੇ ਹਨ ਪਰ ਇਹ ਫੂਡ ਹੱਬ ਸਥਾਨਕ ਭੋਜਨ ਨੂੰ ਹਰਮਨ ਪਿਆਰਾ ਬਣਾਉਣ ’ਚ ਸਹਾਈ ਹੋਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐੱਸ. ਡੀ. ਐੱਮ. ਬਲਬੀਰ ਰਾਜ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ਆਦਿ ਵੀ ਹਾਜ਼ਰ ਸਨ।