ਲੁਧਿਆਣਾ: ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਚੱਲ ਰਹੇ ਮਿਸ਼ਨ ਸਮਰੱਥ ਦੇ ਅਧੀਨ ਦਸੰਬਰ 2023 ਦੀ ਟੈਸਟਿੰਗ ਦੇ ਵਿਸ਼ਲੇਸ਼ਣ ਅਤੇ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਅਨੁਸਾਰ ਹੁਣ ਤੀਜੀ ਅਤੇ ਚੌਥੀ ਕਲਾਸ ਲਈ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਲਈ ਰੋਜ਼ਾਨਾ 3 ਘੰਟੇ (ਹਰੇਕ ਵਿਸ਼ੇ ਲਈ 1 ਘੰਟਾ) ਲਈ ‘ਮਿਸ਼ਨ ਸਮਰੱਥ’ ਤਹਿਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ 5ਵੀਂ ਕਲਾਸ ਲਈ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਲਈ ਰੋਜ਼ਾਨਾ ਇਕ ਘੰਟਾ ‘ਮਿਸ਼ਨ ਸਮਰੱਥ’ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਕਲਾਸ 6ਵੀਂ ਅਤੇ 7ਵੀਂ ਲਈ ਰੋਜ਼ਾਨਾ 3 ਪੀਰੀਅਡਾਂ (ਹਰ ਇਕ ਵਿਸ਼ੇ ਦੇ ਲਈ 1 ਪੀਰੀਅਡ ਦੌਰਾਨ ‘ਮਿਸ਼ਨ ਸਮਰੱਥ’ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉੱਥੇ 8ਵੀਂ ਕਲਾਸ ਲਈ ਸਵੇਰੇ ਕਾਲੀਨ ਸਭਾ ਅਤੇ ਪਹਿਲੇ ਪੀਰੀਅਡ ਦੇ ਦੌਰਾਨ ‘ਮਿਸ਼ਨ ਸਮਰੱਥ’ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਕਲਾਸ 5ਵੀਂ ਲਈ ਦੂਜੇ ਅਤੇ ਤੀਜੇ ਘੰਟੇ, ਜਿਸ ਵਿਚ ਪਹਿਲਾ ‘ਮਿਸ਼ਨ ਸਮਰੱਥ’ ਦੇ ਅਧੀਨ ਪੜ੍ਹਾਇਆ ਜਾਂਦਾ ਸੀ, ਵਿਚ ਬੱਚਿਆਂ ਦੀ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਦੀ ਰੈਗੂਲਰ ਸਿਲੇਬਸ ਦੀ ਪੜ੍ਹਾਈ ਕਰਵਾਈ ਜਾਵੇਗੀ।
ਕਲਾਸ 6ਵੀਂ ਅਤੇ 7ਵੀਂ ਲਈ ਚੌਥਾ ਪੀਰੀਅਡ ਜੋ ਕਿ ਪਹਿਲਾਂ ਮਿਸ਼ਨ ਸਮਰੱਥ ਨੂੰ ਦਿੱਤਾ ਗਿਆ ਸੀ, ਉਸ ਵਿਚ ਹੁਣ 4 ਦਿਨ ਪੰਜਾਬੀ, 1 ਦਿਨ ਅੰਗਰੇਜ਼ੀ ਅਤੇ ਇਕ ਦਿਨ ਗਣਿਤ ਵਿਸ਼ੇ ਦੇ ਰੈਗੂਲਰ ਸਿਲੇਬਸ ਦੀ ਪੜ੍ਹਾਈ ਕਰਵਾਈ ਜਾਵੇਗੀ। ਕਲਾਸ 8ਵੀਂ ਦੇ ਦੂਜੇ, ਤੀਜੇ ਅਤੇ ਚੌਥੇ ਪੀਰੀਅਡ ਦੌਰਾਨ ਅਧਿਆਪਕ ਬੱਚਿਆਂ ਨੂੰ ਗਣਿਤ ਪੰਜਾਬੀ ਅਤੇ ਅੰਗਰੇਜ਼ੀ ਵਿਸ਼ਿਆਂ ਦਾ ਰੈਗੂਲਰ ਸਿਲੇਬਸ ਕਰਵਾਉਣਗੇ। ਸਕੂਲ ਦੇ ਬਾਕੀ ਪੀਰੀਅਡ ਆਮ ਟਾਈਮ ਟੇਬਲ ਅਨੁਸਾਰ ਪਹਿਲਾਂ ਦੀ ਤਰ੍ਹਾਂ ਹੀ ਚੱਲਣਗੇ।