ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਇੱਕ ਵਾਰ ਮੁੜ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਕਿਉਂਕਿ ਲੋਕ ਸਭਾ ਵਿੱਚ ਪਾਸ ਕੀਤੇ ਹਿੱਟ ਐਂਡ ਰਨ ਐਕਟ 2023 ਖਿਲਾਫ਼ ਪੰਜਾਬ ਦੇ ਟਰੱਕ ਡਰਾਈਵਰ ਹੜਤਾਲ ‘ਤੇ ਚਲੇ ਗਏ ਹਨ। ਬੀਤੇ ਦਿਨ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਡਰਾਈਵਰ ਵੀਰਾਂ ਦੀ ਮੀਟਿੰਗ ਹੋਈ ਸੀ ਜੋ ਬੇਸਿੱਟਾ ਰਹੀ ਸੀ। ਜਿਸ ਦੇ ਚਲਦੇ ਹੁਣ ਡਰਾਈਵਰਾਂ ਨੇ ਮੁੜ ਆਪਣਾ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਟਰੱਕ ਯੂਨੀਅਨ ਅਤੇ ਪੰਜਾਬ ਸਰਕਾਰ ਦੀ ਸਬ-ਕਮੇਟੀ ਦਰਮਿਆਨ ਮੀਟਿੰਗ ਹੋਈ ਸੀ। ਇਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਸਨ।
ਇਸ ਬੈਠਕ ਵਿੱਚ ਟਰੱਕ ਯੂਨੀਅਨ ਦੀਆਂ ਵੱਖ-ਵੱਖ 9 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਜਿਸ ਤੋਂ ਬਾਅਦ ਟਰੱਕ ਡਰਾਈਵਰਾਂ ਨੇ ਧਰਨਾ ਹੋਰ ਤੇਜ਼ ਕਰਨ ਐਲਾਨ ਕੀਤਾ ਸੀ। ਓਧਰ ਕਈ ਪ੍ਰਰਦਰਸ਼ਨਕਾਰੀ ਡਰਾਈਵਰਾਂ ਨੇ ਪੁਲਿਸ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਵੀ ਲਾਏ। ਡਰਾਈਵਰਾਂ ਦਾ ਕਹਿਣ ਹੈ ਕਿ ਪੁਲਿਸ ਧੱਕੇ ਨਾਲ ਮੀਟਿੰਗ ਵਿੱਚ ਲੈ ਕੇ ਗਈ ਸੀ। ਬਠਿੰਡਾ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀ ਟਰੱਕ ਡਰਾਈਵਰਾਂ ਵਿਚਾਲੇ ਝੜਪ ਵੀ ਹੋਈ। ਜਿਸ ਤੋਂ ਬਾਅਦ ਮਾਹੌਲ ਹੋਰ ਗਰਮ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਆਇਲ ਡਿਪੂ ਤੋਂ ਕੋਈ ਵੀ ਟੈਂਕਰ ਨਹੀਂ ਭੇਜਿਆ ਜਾ ਰਿਹਾ ਹੈ। ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦਾ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ। ਟਰੱਕ ਯੂਨੀਅਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਲੋੜ ਪਈ ਤਾਂ ਬਠਿੰਡਾ ਤੋਂ ਬਾਅਦ ਪੰਜਾਬ ਦੇ ਬਾਕੀ ਤਿੰਨ ਤੇਲ ਡਿਪੂਆਂ ਤੋਂ ਵੀ ਸਪਲਾਈ ਰੋਕ ਦਿੱਤੀ ਜਾਵੇਗੀ। ਪ੍ਰਰਦਰਸ਼ਨਕਾਰੀ ਡਰਾਈਵਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੀਟਿੰਗ ਵਿੱਚ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਨਾਲ 31 ਜਨਵਰੀ ਨੂੰ ਮੀਟਿੰਗ ਹੈ, ਉਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।