ਪੰਜਾਬ, ਹਰਿਆਣਾ (Punjab And Haryana) ਅਤੇ ਜੰਮੂ-ਕਸ਼ਮੀਰ (Jammu and Kashmir) ਸਮੇਤ ਉੱਤਰੀ ਭਾਰਤ ‘ਚ ਸਰਦੀ (North India including Punjab) ਦੀ ਕਠੋਰਤਾ ਜਾਰੀ ਹੈ। ਸਵੇਰ ਵੇਲੇ ਸੰਘਣੀ ਧੁੰਦ (Dense fog) ਵੀ ਤਬਾਹੀ ਮਚਾ ਰਹੀ ਹੈ। ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਤਿੰਨ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ।
14 ਜਨਵਰੀ ਤੱਕ ਬੰਦ ਰਹਿਣਗੇ ਸਕੂਲ
ਇਸ ਦੇ ਨਾਲ ਹੀ ਪੰਜਾਬ ‘ਚ ਸੀਤ ਲਹਿਰ ਕਾਰਨ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ‘ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਇਸ ਦੌਰਾਨ ਉਹਨਾਂ ਸੋਸ਼ਲ ਮੀਡੀਆ ਐਕਸ ਉੱਤੇ ਲਿਖਿਆ ਕਿ ਕੜਾਕੇ ਦੀ ਠੰਢ ਨੂੰ ਧਿਆਨ ਵਿੱਚ ਰੱਖਦੇ ਹੋਏ ਦਸਵੀਂ ਕਮਾਤ ਤੱਕ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਵਿੱਚ 8 ਤੋਂ 14 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।
ਇਹ ਫੈਸਲਾ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਦੂਜੇ ਪਾਸੇ ਚੰਡੀਗੜ੍ਹ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੀਆਂ ਛੁੱਟੀਆਂ 14 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ, ਪਰ ਉਨ੍ਹਾਂ ਨੂੰ ਆਨਲਾਈਨ ਕਲਾਸਾਂ ਲਾਉਣੀਆਂ ਪੈਣਗੀਆਂ। ਇਸ ਦੇ ਨਾਲ ਹੀ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਸਕੂਲ 9 ਜਨਵਰੀ ਤੋਂ ਖੁੱਲ੍ਹਣਗੇ।
ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਇਸ ਦੇ ਨਾਲ ਹੀ ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ 20 ਦੇ ਕਰੀਬ ਟਰੇਨਾਂ ਦੋ ਤੋਂ ਛੇ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਐਤਵਾਰ ਨੂੰ ਖ਼ਰਾਬ ਮੌਸਮ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਸੱਤ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ 10 ਦੇਰੀ ਨਾਲ ਚੱਲੀਆਂ।
ਮੌਸਮ ਵਿਭਾਗ ਅਨੁਸਾਰ 8 ਤੋਂ 10 ਜਨਵਰੀ ਨੂੰ ਪਵੇਗਾ ਮੀਂਹ
ਚੰਡੀਗੜ੍ਹ ਤੋਂ ਮੁੰਬਈ, ਪੁਣੇ, ਦਿੱਲੀ, ਜੈਪੁਰ, ਅਹਿਮਦਾਬਾਦ, ਬੈਂਗਲੁਰੂ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਅਨੁਸਾਰ 8 ਤੋਂ 10 ਜਨਵਰੀ ਦਰਮਿਆਨ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਮੀਂਹ ਅਤੇ ਗਰਜ ਹੋ ਸਕਦੀ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (IMD) ਨੇ ਕਿਹਾ ਕਿ ਦਿੱਲੀ, ਪੰਜਾਬ, ਹਰਿਆਣਾ ਅਤੇ ਹਰਿਆਣਾ ਵਿੱਚ ਸੋਮਵਾਰ ਨੂੰ ਵੀ ਕੜਾਕੇ ਦੀ ਠੰਡ ਜਾਰੀ ਰਹਿ ਸਕਦੀ ਹੈ।
ਐਤਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ 4.3 ਡਿਗਰੀ ਦਰਜ ਕੀਤਾ ਗਿਆ, ਜੋ ਸੂਬੇ ਦਾ ਸਭ ਤੋਂ ਘੱਟ ਤਾਪਮਾਨ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਅਗਲੇ ਦੋ ਦਿਨਾਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ। ਕੁਝ ਥਾਵਾਂ ‘ਤੇ ਠੰਡੇ ਦਿਨ ਦੇ ਹਾਲਾਤ ਬਣ ਸਕਦੇ ਹਨ। ਐਤਵਾਰ ਸਵੇਰੇ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਵਿੱਚ ਵਿਜ਼ੀਬਿਲਟੀ ਸਿਰਫ਼ 50 ਮੀਟਰ ਸੀ।
ਘੱਟੋ-ਘੱਟ ਪਾਰਾ ਕਿੱਥੇ ਸੀ ?
ਸ਼ਹਿਰ ਦਾ ਘੱਟੋ-ਘੱਟ ਪਾਰਾ
ਗੁਰਦਾਸਪੁਰ 4.3
ਅੰਮ੍ਰਿਤਸਰ 5.8
ਲੁਧਿਆਣਾ 6.5
ਪਟਿਆਲਾ 7.0
ਪਠਾਨਕੋਟ 6.2
ਬਠਿੰਡਾ 7.0
ਫਰੀਦਕੋਟ 7.0
ਹਿਮਾਚਲ ‘ਚ ਮੌਸਮ ਬਦਲ ਸਕਦੈ
ਸ਼ਿਮਲਾ। ਹਿਮਾਚਲ ‘ਚ ਪੱਛਮੀ ਗੜਬੜੀ ਕਾਰਨ ਇਕ ਵਾਰ ਫਿਰ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਸੋਮਵਾਰ ਨੂੰ ਪੂਰੇ ਸੂਬੇ ‘ਚ ਯੈਲੋ ਸਮੋਗ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਰਾਜ ਭਰ ਵਿੱਚ ਅਤੇ ਬੁੱਧਵਾਰ ਨੂੰ ਮੱਧ ਅਤੇ ਉੱਚ ਪਹਾੜੀ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। 11 ਅਤੇ 12 ਜਨਵਰੀ ਨੂੰ ਮੌਸਮ ਫਿਰ ਸਾਫ਼ ਅਤੇ ਧੁੱਪ ਰਹੇਗੀ।