ਸਮੁੰਦਰ ’ਚ ਸੋਮਾਲੀਆ ਦੇ ਤੱਟ ਨੇੜੇ ਹਾਈਜੈਕ ਹੋਏ ਜਹਾਜ਼ ’ਤੇ ਭਾਰਤੀ ਸਮੁੰਦਰੀ ਫੌਜ ਦਾ ਆਪ੍ਰੇਸ਼ਨ ਪੂਰਾ ਹੋ ਗਿਆ ਹੈ। 15 ਭਾਰਤੀਆਂ ਸਮੇਤ ਚਾਲਕ ਦਲ ਦੇ ਸਾਰੇ 21 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਮੁੰਦਰੀ ਫੌਜ ਦੇ ਮਾਰਕੋਸ ਕਮਾਂਡੋਜ਼ ਨੇ ਜਹਾਜ਼ ਦੀ ਤਲਾਸ਼ੀ ਲਈ ਹੈ। ਤਲਾਸ਼ੀ ਦੌਰਾਨ ਸਮੁੰਦਰੀ ਡਾਕੂ ਜਹਾਜ਼ ’ਤੇ ਨਹੀਂ ਮਿਲੇ। ਹਾਈਜੈਕ ਕੀਤੇ ਗਏ ਜਹਾਜ਼ ਨੂੰ ਛੁਡਾਉਣ ਲਈ ਸਮੁੰਦਰੀ ਫੌਜ ਦੇ ਜਹਾਜ਼ ਆਈ.ਐੱਨ.ਐੱਸ. ਚੇਨਈ ਨੂੰ ਰਵਾਨਾ ਕੀਤਾ ਗਿਆ ਸੀ।
ਮਾਮਲਾ 4 ਜਨਵਰੀ ਦਾ ਹੈ ਪਰ ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਸਾਹਮਣੇ ਆਈ। ਇਸ ਲਾਇਬੇਰੀਅਨ ਝੰਡੇ ਵਾਲੇ ਜਹਾਜ਼ ਦਾ ਨਾਂ ਲੀਲਾ ਨੋਰਫੋਰਕ ਹੈ। ਭਾਰਤੀ ਸਮੁੰਦਰੀ ਫੌਜ ਨੇ ਕਿਹਾ ਕਿ ਜਹਾਜ਼ ਨੇ ਬ੍ਰਿਟੇਨ ਦੇ ਸਮੁੰਦਰੀ ਵਪਾਰ ਸੰਚਾਲਨ ਪੋਰਟਲ ’ਤੇ ਸੰਦੇਸ਼ ਭੇਜਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ 4 ਜਨਵਰੀ ਦੀ ਸ਼ਾਮ ਨੂੰ 5-6 ਸਮੁੰਦਰੀ ਡਾਕੂ ਹਥਿਆਰਾਂ ਸਮੇਤ ਜਹਾਜ਼ ’ਤੇ ਉਤਰੇ ਹਨ। ਭਾਰਤੀ ਸਮੁੰਦਰੀ ਫੌਜ ਨੇ ਕਿਹਾ, ” ਹਾਈਜੈਕ ਦੀ ਸੂਚਨਾ ਮਿਲਦਿਆਂ ਹੀ ਇਕ ਮੈਰੀਟਾਈਮ ਪੈਟਰੋਲਿੰਗ ਏਅਰਕ੍ਰਾਫਟ ਨੂੰ ਜਹਾਜ਼ ਵੱਲ ਰਵਾਨਾ ਕੀਤਾ ਗਿਆ। ਮਰਚੇਂਟ ਵੇਸਲ ਦੀ ਸੁਰੱਖਿਆ ਲਈ ਆਈ.ਐੱਨ.ਐੱਸ. ਚੇਨਈ ਨੂੰ ਵੀ ਭੇਜਿਆ ਗਿਆ।” ਮਰੀਨ ਟਰੈਫਿਕ ਮੁਤਾਬਕ ਜਹਾਜ਼ ਬ੍ਰਾਜ਼ੀਲ ਦੇ ਪੋਰਟੋ ਡੂ ਏਕੂ ਤੋਂ ਬਹਿਰੀਨ ਦੇ ਖਲੀਫਾ ਬਿਨ ਸਲਮਾਨ ਬੰਦਰਗਾਹ ਵੱਲ ਜਾ ਰਿਹਾ ਸੀ।f