ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਪਾਸਨਾ ’ਤੇ ਚਲੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵਿਸ਼ਾਖਾਪਟਨਮ ਲਈ ਰਵਾਨਾ ਹੋ ਗਏ ਹਨ। ਜਿੱਥੇ ਉਹ ਚਾਰ ਦਿਨਾਂ ਲਈ ਵਿਪਾਸਨਾ ਕਰਨਗੇ। ਚਾਰ ਦਿਨ ਦੀ ਵਿਪਾਸਨਾ ਤੋਂ ਬਾਅਦ ਉਹ ਸ਼ਨੀਵਾਰ ਨੂੰ ਦਿੱਲੀ ਪਰਤਣਗੇ ਅਤੇ ਉਸ ਮਗਰੋਂ 7-8 ਜਨਵਰੀ ਨੂੰ ਗੁਜਰਾਤ ਜਾਣਗੇ, ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਕਰਨਗੇ।
ਕੇਜਰੀਵਾਲ ਵੀ 10 ਦਿਨ ਦੀ ਵਾਪਸਨਾ ’ਤੇ ਗਏ ਸਨ
‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ 10 ਦਿਨਾਂ ਲਈ ਵਿਪਾਸਨਾ ਧਿਆਨ ’ਤੇ ਗਏ ਸਨ। ਅਰਵਿੰਦ ਕੇਜਰੀਵਾਲ 30 ਦਸੰਬਰ ਨੂੰ ਵਿਪਾਸਨਾ ਪੂਰੀ ਕਰਨ ਤੋਂ ਬਾਅਦ ਹੁਸ਼ਿਆਰਪੁਰ ਤੋਂ ਦਿੱਲੀ ਲਈ ਰਵਾਨਾ ਹੋ ਗਏ। ਕੇਜਰੀਵਾਲ ਇਥੇ ਸ਼ਹਿਰ ਨੇੜੇ ਆਨੰਦਗੜ੍ਹ ਵਿਖੇ ਸਥਿਤ ਵਿਪਾਸਨਾ ਕੇਂਦਰ ਵਿਚ 10 ਦਿਨਾਂ ਤੋਂ ਮੈਡੀਟੇਸ਼ਨ ਕੋਰਸ ਕਰ ਰਹੇ ਸਨ। ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਸੀ। ਉਨ੍ਹਾਂ ਲਿਖਿਆ ਸੀ ਕਿ 10 ਦਿਨਾਂ ਦੀ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਅੱਜ ਵਾਪਸ ਪਰਤਿਆ। ਇਸ ਸਾਧਨਾ ਨਾਲ ਅਪਾਰ ਸ਼ਾਂਤੀ ਮਿਲਦੀ ਹੈ। ਨਵੀਂ ਊਰਜਾ ਨਾਲ ਫਿਰ ਜਨਤਾ ਦੀ ਸੇਵਾ ਵਿਚ ਲੱਗਾਂਗੇ। ਸਭ ਦਾ ਮੰਗਲ ਹੋਵੇ।