ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਵਿੱਚ ਕੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਹੋ ਜਾਵੇਗਾ। ਇਸ ਸਵਾਲ ਦਾ ਜਵਾਬ ਕੱਲ੍ਹ ਮਿਲਣ ਵਾਲਾ ਹੈ। 4 ਜਨਵਰੀ ਨੂੰ ਦਿੱਲੀ ਵਿੱਚ INDIA ਗਠਜੋੜ ਦੀ ਬੈਠਕ ਬੁਲਾਈ ਗਈ ਹੈ। ਪਰ ਇਸ ਤੋਂ ਪਹਿਲਾਂ 4 ਜਨਵਰੀ ਨੂੰ ਹੀ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਵੀ ਦਿੱਤੀ ਬੁਲਾ ਲਿਆ ਹੈ। INDIA ਗਠਜੋੜ ਦੀ ਬੈਠਕ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਪੰਜਾਬ ਦੇ ਕਾਂਗਰਸੀ ਲੀਡਰਾਂ ਨਾਲ ਗੱਲਬਾਤ ਕਰੇਗੀ। ਜਿਸ ਵਿੱਚ ਸਾਰੇ ਲੀਡਰ ਹਾਜ਼ਰ ਰਹਿਣਗੇ ਅਤੇ ਉਹਨਾਂ ਦੇ ਵਿਚਾਰ ਨੋਟ ਕੀਤੇ ਜਾਣਗੇ।
ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਗਠਜੋੜ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਜਲਦੀ ਹੀ ਖਤਮ ਹੋਣ ਦੀ ਸੰਭਾਵਨਾ ਹੈ। ਕਾਂਗਰਸ ਪਾਰਟੀ ਸੂਤਰਾਂ ਅਨੁਸਾਰ ਪੰਜਾਬ ਦੇ ਬਹੁਤੇ ਕਾਂਗਰਸੀ ਲੀਡਰਾਂ ਦੇ ਵਿਰੋਧ ਦੇ ਬਾਵਜੂਦ ਸੂਬੇ ਦੇ ਕੁੱਝ ਲੀਡਰਾਂ ਨੇ ਵੀ ਹਾਈਕਮਾਂਡ ਨੂੰ ਅੰਦਰੋ-ਅੰਦਰੀ ਜਾਣਕਾਰੀ ਦੇ ਦਿੱਤੀ ਹੈ ਕਿ ਸੀਟ ਸ਼ੇਅਰਿੰਗ ਦੇ ਆਧਾਰ ‘ਤੇ ਪੰਜਾਬ ‘ਚ ਲੋਕ ਸਭਾ ਚੋਣਾਂ ਲੜਨਾ ਲਾਹੇਵੰਦ ਰਹੇਗਾ। ਇਸ ਤੋਂ ਪਹਿਲਾਂ ਸਾਬਕਾ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਵੀ ਕਰੀਬ ਮਹੀਨਾ ਪਹਿਲਾਂ ਚੰਡੀਗੜ੍ਹ ਵਿਖੇ ਇਸੇ ਮੁੱਦੇ ‘ਤੇ ਹੋਈ ਮੀਟਿੰਗ ਤੋਂ ਬਾਅਦ ਸਪੱਸ਼ਟ ਕੀਤਾ ਸੀ ਕਿ ਇਸ ਸਬੰਧੀ ਅੰਤਿਮ ਫੈਸਲਾ ਹਾਈਕਮਾਂਡ ਵੱਲੋਂ ਕੀਤਾ ਜਾਵੇਗਾ।
ਹੁਣ 4 ਜਨਵਰੀ ਨੂੰ ਗਠਜੋੜ ‘ਚ ਰਾਸ਼ਟਰੀ ਪੱਧਰ ‘ਤੇ ਇਕਜੁੱਟ ਹੋਣ ਵਾਲੀਆਂ ਪਾਰਟੀਆਂ ਦੀ ਭੂਮਿਕਾ ਤੈਅ ਕੀਤੀ ਜਾਵੇਗੀ, ਜਿਸ ਤਹਿਤ ਕਾਂਗਰਸ ਅਤੇ ‘ਆਪ’ ਦੇ ਇਕੱਠੇ ਚੋਣ ਲੜਨ ‘ਤੇ ਹਾਈਕਮਾਂਡ ਦੀ ਮਨਜ਼ੂਰੀ ਮਿਲ ਸਕਦੀ ਹੈ ਅਤੇ ਇਹ ਫੈਸਲਾ ਪੰਜਾਬ ਕਾਂਗਰਸ ਦੇ ਆਗੂ ‘ਤੇ ਵੀ ਲਾਗੂ ਹੋਵੇਗਾ।