ਸੋਮਵਾਰ (1 ਜਨਵਰੀ) ਨੂੰ ਗੁਜਰਾਤ ਦੇ ਦਵਾਰਕਾ ਦੇ ਰਣ ਪਿੰਡ ਵਿੱਚ ਬੋਰਵੈੱਲ ਵਿੱਚ ਡਿੱਗੀ ਢਾਈ ਸਾਲ ਦੀ ਬੱਚੀ ਦੀ ਰੈਸਕਿਊ ਮਗਰੋਂ ਮੌਤ ਹੋ ਗਈ। ਬੱਚੀ 100 ਫੁੱਟ ਡੂੰਘੇ ਬੋਰਵੈੱਲ ‘ਚ 30 ਤੋਂ 35 ਫੁੱਟ ਹੇਠਾਂ ਫਸ ਗਈ ਸੀ। NDRF ਨੇ ਰਾਤ 9:48 ਵਜੇ ਬੱਚੀ ਨੂੰ ਬਾਹਰ ਕੱਢਿਆ। ਡਾਕਟਰ ਨੇ ਦੱਸਿਆ ਕਿ ਬੱਚੀ ਨੂੰ ਰਾਤ ਕਰੀਬ 10 ਵਜੇ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਬੱਚੀ ਦੀ ਪਛਾਣ ਏਂਜਲ ਸ਼ਖਰਾ ਵਜੋਂ ਹੋਈ ਹੈ। ਸੋਮਵਾਰ ਦੁਪਹਿਰ ਕਰੀਬ 1 ਵਜੇ ਖੇਡਦੇ ਹੋਏ ਉਹ ਬੋਰਵੈੱਲ ‘ਚ ਡਿੱਗ ਗਈ ਸੀ।
ਬੱਚੀ ਨੂੰ ਬਚਾਉਣ ਲਈ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਪਹੁੰਚ ਗਈਆਂ ਸਨ। ਬੋਰਵੈੱਲ ਦੇ ਅੰਦਰ ਪਾਈਪ ਦੀ ਮਦਦ ਨਾਲ ਬੱਚੀ ਨੂੰ ਆਕਸੀਜਨ ਸਪਲਾਈ ਕੀਤੀ ਜਾ ਰਹੀ ਸੀ। ਹਾਲਾਂਕਿ ਡਾਕਟਰ ਨੇ ਕਿਹਾ ਕਿ ਬੱਚੀ ਦੀ ਮੌਤ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਹੋਈ ਹੈ। ਬਚਾਅ ਕਾਰਜ ‘ਚ ਲੱਗੀ ਟੀਮ ਨੇ ਦੱਸਿਆ ਕਿ ਬੱਚੀ ਸ਼ੁਰੂਆਤ ‘ਚ 30 ਤੋਂ 35 ਫੁੱਟ ਦੀ ਡੂੰਘਾਈ ‘ਚ ਸੀ। ਸਥਾਨਕ ਪੱਧਰ ‘ਤੇ ਰੈਸਕਿਓ ਦੇ ਪਹਿਲੇ ਯਤਨ ਕੀਤੇ ਗਏ ਸਨ। ਕਰੀਬ ਤਿੰਨ ਘੰਟਿਆਂ ਵਿੱਚ ਉਸ ਨੂੰ 10 ਫੁੱਟ ਉੱਪਰ ਖਿੱਚ ਲਿਆ ਗਿਆ। NDRF ਦੀ ਟੀਮ ਰਾਤ ਕਰੀਬ 8 ਵਜੇ ਮੌਕੇ ‘ਤੇ ਪਹੁੰਚੀ।
ਬਚਾਅ ਦੌਰਾਨ ਬੱਚੀ ਦੀ ਆਵਾਜ਼ ਰੁਕ-ਰੁਕ ਕੇ ਸੁਣਾਈ ਦੇ ਰਹੀ ਸੀ। ਉਸ ਦਾ ਹੱਥ ਬੋਰਵੈੱਲ ਤੋਂ ਕੱਢਣ ਲਈ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਬੋਰਵੈੱਲ ਨੇੜੇ ਵੀ ਖੁਦਾਈ ਕੀਤੀ ਗਈ। ਹਾਲਾਂਕਿ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ। ਦੱਸ ਦੇਈਏ ਕਿ 3 ਜੂਨ 2023 ਨੂੰ, ਢਾਈ ਸਾਲ ਦੀ ਰੋਸ਼ਨੀ ਦੀ ਗੁਜਰਾਤ ਦੇ ਜਾਮਨਗਰ ਵਿੱਚ ਬੋਰਵੈੱਲ ਵਿੱਚ ਡਿੱਗਣ ਨਾਲ ਮੌਤ ਹੋ ਗਈ ਸੀ। ਉਹ ਕਰੀਬ 200 ਫੁੱਟ ਡੂੰਘੇ ਬੋਰਵੈੱਲ ‘ਚ 20 ਫੁੱਟ ਹੇਠਾਂ ਫਸ ਗਈ ਸੀ। ਬੱਚੀ ਨੂੰ ਬਚਾਉਣ ਲਈ ਫੌਜ, ਫਾਇਰ ਬ੍ਰਿਗੇਡ, ਐਨਡੀਆਰਐਫ ਅਤੇ ਮੈਡੀਕਲ ਟੀਮਾਂ ਨੇ 21 ਘੰਟੇ ਤੱਕ ਬਚਾਅ ਮੁਹਿੰਮ ਚਲਾਈ। ਹਾਲਾਂਕਿ ਉਦੋਂ ਤੱਕ ਉਸ ਦਾ ਸਾਹ ਰੁਕ ਚੁੱਕਾ ਸੀ।