ਰਾਤੀਂ 12 ਵੱਜਦੇ ਹੀ ਦੇਸ਼ ਭਰ ‘ਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ। ਸਾਲ 2023 ਅਮਿੱਟ ਯਾਦਾਂ ਛੱਡਦਾ ਅਲਵਿਦਾ ਕਹਿ ਗਿਆ ਅਤੇ ਨਵੇਂ ਸਾਲ 2024 ਨੇ ਦਸਤਕ ਦੇ ਦਿੱਤੀ ਹੈ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ‘ਚ ਲੋਕਾਂ ਨੇ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਰਾਜਧਾਨੀ ਦਿੱਲੀ ਦੇ ਕਨਾਟ ਪਲੇਸ ‘ਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਸਨ, ਜੋ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਕਾਫ਼ੀ ਉਤਸਾਹਿਤ ਦਿਖਾਈ ਦੇ ਰਹੇ ਸਨ। ਉਹ ਜਸ਼ਨ ‘ਚ ਡੁੱਬੇ ਹੋਏ ਨਜ਼ਰ ਆ ਰਹੇ ਸਨ। ਨਵੇਂ ਸਾਲ ਦੀ ਖੁਸ਼ੀ ਮੌਕੇ ਥਾਂ-ਥਾਂ ਪਾਰਟੀਆਂ ਕੀਤੀਆਂ ਜਾ ਰਹੀਆਂ ਹਨ। ਲੋਕ ਖੁਸ਼ਦਿਲੀ ਨਾਲ ਨਵੇਂ ਸਾਲ ਦਾ ਸਵਾਗਤ ਕਰ ਰਹੇ ਹਨ। ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪੰਡਾਲ ਸਜਾਏ ਗਏ ਹਨ। ਇਸ ਮੌਕੇ ਟੂਰਿਸਟਾਂ ‘ਚ ਵੀ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। 31 ਦਸੰਬਰ, ਭਾਵ ਸਾਲ 2023 ਦੇ ਆਖ਼ਰੀ ਦਿਨ ਮੰਦਰਾਂ ‘ਚ ਵੀ ਕਾਫ਼ੀ ਭੀੜ ਦਿਖਾਈ ਦਿੱਤੀ ਸੀ। ਕੜਾਕੇ ਦੀ ਠੰਡ ਦੇ ਬਾਵਜੂਦ ਲੋਕ ਨਵੇਂ ਸਾਲ ਦੀ ਖੁਸ਼ੀ ਮਨਾਉਣ ਘਰਾਂ ‘ਚੋਂ ਬਾਹਰ ਨਿਕਲੇ। ਵਾਰਾਨਸੀ ‘ਚ ਵੀ 31 ਦਸੰਬਰ ਨੂੰ ਗੰਗਾ ਆਰਤੀ ਦਾ ਆਯੋਜਨ ਕੀਤਾ ਗਿਆ ਸੀ। ਇਹੀ ਨਹੀਂ, ਜਲੰਧਰ ‘ਚ ਵੀ 12 ਵਜਦੇ ਹੀ ਪੂਰੇ ਸ਼ਹਿਰ ‘ਚ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਪਟਾਕੇ ਤੇ ਆਤਿਸ਼ਬਾਜ਼ੀ ਨਾਲ ਕੀਤਾ। ਸ਼ਹਿਰ ਵਾਸੀਆਂ ਨੇ ਕਾਫ਼ੀ ਚਾਅ ਤੇ ਉਤਸਾਹ ਨਾਲ ਨਵੇਂ ਸਾਲ ਨੂੰ ‘ਜੀ ਆਇਆਂ’ ਕਿਹਾ। ਜਲੰਧਰ ਤੋਂ ਇਲਾਵਾ ਵੀ ਦੇਸ਼ ਦੇ ਲਗਭਗ ਹਰ ਕੋਨੇ ‘ਚ ਸਾਲ 2024 ਦੇ ਆਗਮਨ ‘ਤੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਜਸ਼ਨ ਮਨਾਇਆ ਗਿਆ। ਇਸ ਮੌਕੇ ਲੋਕਾਂ ਨੇ ਇਹ ਵੀ ਅਰਦਾਸ ਤੇ ਉਮੀਦ ਕੀਤੀ ਕਿ ਨਵਾਂ ਸਾਲ 2024 ਸਾਰੀ ਦੁਨੀਆ ਲਈ ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ।