ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੇ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਸੌਦਾ ਹਥਿਆ ਲਿਆ ਹੈ। ਇਸ ਡੀਲ ਦੇ ਪੂਰੇ ਹੋਣ ਤੋਂ ਬਾਅਦ ਰਿਲਾਇੰਸ ਭਾਰਤ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਬਣ ਜਾਵੇਗੀ।
ਰਿਲਾਇੰਸ ਅਤੇ ਵਾਲਟ ਡਿਜ਼ਨੀ (Walt Disney) ਵਿਚਕਾਰ ਇੱਕ ਨਾਨ-ਬਾਈਡਿੰਗ ਸਮਝੌਤਾ ਕੀਤਾ ਗਿਆ ਹੈ। ਇਸ ਤਹਿਤ ਵਾਲਟ ਡਿਜ਼ਨੀ ਦੇ ਭਾਰਤੀ ਕਾਰੋਬਾਰ ਦਾ 51 ਫੀਸਦੀ ਹਿੱਸਾ ਰਿਲਾਇੰਸ ਕੋਲ ਹੋਵੇਗਾ। ਦੋਵਾਂ ਕੰਪਨੀਆਂ ਦੇ ਰਲੇਵੇਂ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਐਂਟਰਟੇਨਮੈਂਟ ਕੰਪਨੀ ਸਾਹਮਣੇ ਆਵੇਗੀ।
ਦੇਸ਼ ਦੀ ਸਭ ਤੋਂ ਵੱਡੀ ਐਂਟਰਟੇਨਮੈਂਟ ਕੰਪਨੀ ਹੋਵੇਗੀ ਰਿਲਾਇੰਸ-ਡਿਜ਼ਨੀ
ਰਾਇਟਰਜ਼ ਅਤੇ ਈਟੀ ਦੀਆਂ ਰਿਪੋਰਟਾਂ ਦੇ ਅਨੁਸਾਰ, ਮਨੋਰੰਜਨ ਕਾਰੋਬਾਰ ਦਾ ਇਹ ਸਭ ਤੋਂ ਵੱਡਾ ਵਿਲੀਨ ਫਰਵਰੀ 2024 ਤੱਕ ਪੂਰਾ ਹੋ ਸਕਦਾ ਹੈ। ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਨੂੰ ਇਸ ‘ਚ 51 ਫੀਸਦੀ ਹਿੱਸੇਦਾਰੀ ਮਿਲੇਗੀ ਅਤੇ 49 ਫੀਸਦੀ ਹਿੱਸੇਦਾਰੀ ਡਿਜ਼ਨੀ ਦੀ ਹੋਵੇਗੀ।
ਇਸ ਰਲੇਵੇਂ ਵਿੱਚ ਨਕਦੀ ਅਤੇ ਸਟਾਕ ਦੋਵੇਂ ਸ਼ਾਮਲ ਹਨ। ਇਸ ਦੇ ਪੂਰਾ ਹੋਣ ਨਾਲ, ਰਿਲਾਇੰਸ-ਡਿਜ਼ਨੀ ਦੇਸ਼ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਬਣ ਜਾਵੇਗੀ। ਰਾਇਟਰਜ਼ ਨੇ ਦੋ ਹਫਤੇ ਪਹਿਲਾਂ ਖਬਰ ਦਿੱਤੀ ਸੀ ਕਿ ਦੋਵੇਂ ਕੰਪਨੀਆਂ ਦੇ ਅਧਿਕਾਰੀ ਸੌਦੇ ‘ਤੇ ਚਰਚਾ ਕਰਨ ਲਈ ਲੰਡਨ ਵਿਚ ਮਿਲਣ ਜਾ ਰਹੇ ਹਨ।
Amazon Prime, Netflix, Zee ਅਤੇ Sony ਦੀ ਵਧੇਗੀ ਮੁਸ਼ਕਿਲ
ਆਰਆਈਐਲ ਅਤੇ ਵਾਲਟ ਡਿਜ਼ਨੀ ਦੇ ਰਲੇਵੇਂ ਨਾਲ ਜ਼ੀ ਨੈੱਟਵਰਕ, ਸੋਨੀ ਟੀਵੀ, ਐਮਾਜ਼ਾਨ ਪ੍ਰਾਈਮ ਅਤੇ ਨੈੱਟਫਲਿਕਸ ਨੂੰ ਸਿੱਧਾ ਮੁਕਾਬਲਾ ਮਿਲੇਗਾ। ਵਰਤਮਾਨ ਵਿੱਚ, RIL ਦਾ Jio ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਕਈ ਐਪਸ ਅਤੇ Viacom18 ਦੇ ਨਾਲ ਮੌਜੂਦ ਹੈ।
ਜਿਓ ਸਿਨੇਮਾ ਅਤੇ ਡਿਜ਼ਨੀ ਹੌਟਸਟਾਰ ਵਿਚਕਾਰ ਚੱਲ ਰਹੀ ਸੀ ਟੱਕਰ
ਇਸ ਰਲੇਵੇਂ ਵਿੱਚ ਜੀਓ ਸਿਨੇਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਕੋਲ ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਦੇ ਆਨਲਾਈਨ ਅਧਿਕਾਰ ਹਨ। ਇਸ ਤੋਂ ਪਹਿਲਾਂ ਇਹ ਅਧਿਕਾਰ ਡਿਜ਼ਨੀ ਹੌਟਸਟਾਰ ਕੋਲ ਸਨ। ਇਸ ਸੈਕਟਰ ਵਿੱਚ ਅੰਬਾਨੀ ਨੂੰ ਸਿਰਫ਼ ਡਿਜ਼ਨੀ ਤੋਂ ਹੀ ਟੱਕਰ ਮਿਲ ਰਹੀ ਸੀ। ਜਦੋਂ ਤੋਂ ਆਈਪੀਐਲ ਦੇ ਆਨਲਾਈਨ ਰਾਈਟਸ ਚਲੇ ਗਏ, ਉਦੋਂ ਤੋਂ ਹੀ ਡਿਜ਼ਨੀ ਹੌਟਸਟਾਰ ਦੇ ਯੂਜ਼ਰਸ ਘੱਟ ਹੋਂ ਲੱਗ ਪਏ।
ਭਾਰਤੀ ਕਾਰੋਬਾਰ ਨੂੰ ਵੇਚਣਾ ਚਾਹੁੰਦਾ ਸੀ ਡਿਜ਼ਨੀ
ਰਿਪੋਰਟ ਦੇ ਅਨੁਸਾਰ, ਜਨਵਰੀ 2023 ਤੋਂ, ਡਿਜ਼ਨੀ ਆਪਣੇ ਭਾਰਤੀ ਕਾਰੋਬਾਰ ਨੂੰ ਵੇਚਣ ਜਾਂ ਕਿਸੇ ਭਾਰਤੀ ਕੰਪਨੀ ਨੂੰ ਸਾਂਝੇ ਉੱਦਮ ਲਈ ਹਿੱਸੇਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਡਿਜ਼ਨੀ ਕੋਲ ਕਈ ਟੀਵੀ ਚੈਨਲ ਅਤੇ ਹੌਟਸਟਾਰ ਸਟ੍ਰੀਮਿੰਗ ਪਲੇਟਫਾਰਮ ਵੀ ਹਨ। ਰਲੇਵੇਂ ਤੋਂ ਬਾਅਦ ਦੋਵੇਂ ਕੰਪਨੀਆਂ ਮਿਲ ਕੇ 1 ਤੋਂ 1.5 ਅਰਬ ਡਾਲਰ ਦਾ ਨਿਵੇਸ਼ ਕਰ ਸਕਦੀਆਂ ਹਨ।
ਅਗਲੇ ਮਹੀਨੇ ਹੋ ਸਕਦਾ ਐਲਾਨ
ਇਸ ਰਲੇਵੇਂ ਦਾ ਐਲਾਨ ਅਗਲੇ ਮਹੀਨੇ ਦੀ ਸ਼ੁਰੂਆਤ ‘ਚ ਕੀਤਾ ਜਾ ਸਕਦਾ ਹੈ। ਪ੍ਰਸਤਾਵ ਦੇ ਤਹਿਤ, ਡਿਜ਼ਨੀ ਕਿਸੇ ਵੀ ਨਕਦ ਅਤੇ ਸਟਾਕ ਸਵੈਪ ਲੈਣ-ਦੇਣ ਦੇ ਪੂਰਾ ਹੋਣ ਤੋਂ ਬਾਅਦ ਭਾਰਤੀ ਕੰਪਨੀ ਵਿੱਚ ਘੱਟ-ਗਿਣਤੀ ਸ਼ੇਅਰ ਜ਼ਰੂਰ ਰੱਖੇਗੀ।