ਮੁੰਬਈ- ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਫਰਾਂਸ ‘ਚ 4 ਦਿਨਾਂ ਤੱਕ ਰੋਕਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਮੰਗਲਵਾਰ ਤੜਕੇ ਮੁੰਬਈ ਪਹੁੰਚਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਜਹਾਜ਼ ‘ਚ ਜ਼ਿਆਦਾਤਰ ਭਾਰਤੀ ਨਾਗਰਿਕ ਸਵਾਰ ਸਨ। ਅਧਿਕਾਰੀ ਨੇ ਦੱਸਿਆ ਕਿ ਏਅਰਬੱਸ ਏ340 ਜਹਾਜ਼ ਸਵੇਰੇ 4 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੁੰਬਈ ਪਹੁੰਚ ਗਿਆ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 2.30 ਵਜੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰੀ।
ਫਰਾਂਸੀਸੀ ਅਧਿਕਾਰੀਆਂ ਮੁਤਾਬਕ ਜਿਸ ਜਹਾਜ਼ ਨੇ ਮੁੰਬਈ ਲਈ ਉਡਾਣ ਭਰੀ ਸੀ, ਉਸ ‘ਚ 276 ਯਾਤਰੀ ਸਵਾਰ ਸਨ ਅਤੇ ਦੋ ਨਾਬਾਲਗਾਂ ਸਮੇਤ 25 ਲੋਕਾਂ ਨੇ ਫਰਾਂਸ ਵਿਚ ਸ਼ਰਣ ਲਈ ਅਰਜ਼ੀ ਦਿੱਤੀ ਹੈ ਅਤੇ ਫਿਲਹਾਲ ਫਰਾਂਸ ਵਿਚ ਹਨ। ਇਕ ਫ੍ਰੈਂਚ ਨਿਊਜ਼ ਚੈਨਲ ਨੇ ਦੱਸਿਆ ਕਿ ਦੋ ਹੋਰ ਯਾਤਰੀਆਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਹਾਇਕ ਗਵਾਹ ਦਾ ਦਰਜਾ ਦਿੱਤਾ ਗਿਆ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਜਹਾਜ਼ ਵੈਟਰੀ ਹਵਾਈ ਅੱਡੇ ‘ਤੇ ਉਤਰਿਆ ਤਾਂ ਉਸ ਵਿਚ 303 ਭਾਰਤੀ ਨਾਗਰਿਕ ਸਵਾਰ ਸਨ, ਜਿਨ੍ਹਾਂ ਵਿਚ 11 ਨਾਬਾਲਗ ਵੀ ਸਨ ਪਰ ਉਨ੍ਹਾਂ ਨਾਲ ਕੋਈ ਵੀ ਨਹੀਂ ਸੀ। ਅਧਿਕਾਰੀ ਦੱਸਿਆ ਕਿ ਰੋਕ ਕੇ ਰੱਖੇ ਗਏ ਜਹਾਜ਼ ‘ਚ ਸਵਾਰ ਯਾਤਰੀਆਂ ਲਈ ਅਸਥਾਈ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਸੀ, ਉਨ੍ਹਾਂ ਨੂੰ ਟਾਇਲਟ ਦੀ ਵਰਤੋਂ ਕਰਨ ਅਤੇ ਨਹਾਉਣ ਦੀ ਸਹੂਲਤ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਵੈਟਰੀ ਹਵਾਈ ਅੱਡੇ ਦੇ ਕੰਪਲੈਕਸ ‘ਚ ਖਾਣਾ ਅਤੇ ਗਰਮ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।
ਦੁਬਈ ਤੋਂ ਨਿਕਾਰਾਗੁਆ ਜਾਣ ਵਾਲੀ ਫਲਾਈਟ ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਵਲੋਂ ਸੰਚਾਲਿਤ ਵੈਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਤਕਨੀਕੀ ਪੜਾਅ ਲਈ ਰੋਕੀ ਗਈ। ਇਸ ਦੌਰਾਨ ਫਰਾਂਸੀਸੀ ਪੁਲਸ ਨੇ ਦਖਲ ਦਿੱਤਾ। ਫ੍ਰੈਂਚ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਸੰਗਠਿਤ ਅਪਰਾਧ ਦੀ ਜਾਂਚ ਲਈ ਮਾਹਰ ਦੀ ਇਕ ਯੂਨਿਟ ਦੀ ਨਿਆਂਇਕ ਜਾਂਚ ਸ਼ੁਰੂ ਕੀਤੀ। ਨਿਕਾਰਾਗੁਆ ਅਮਰੀਕਾ ਵਿਚ ਸ਼ਰਣ ਮੰਗਣ ਵਾਲਿਆਂ ਲਈ ਇਕ ਪ੍ਰਸਿੱਧ ਟਿਕਾਣਾ ਬਣ ਗਿਆ ਹੈ। ਅੰਕੜਿਆਂ ਅਨੁਸਾਰ ਵਿੱਤੀ ਸਾਲ 2023 ਵਿਚ 96,917 ਭਾਰਤੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 51.61 ਫ਼ੀਸਦੀ ਵੱਧ ਹੈ।