ਧੁੰਦ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ ਆਮ ਜਨ-ਜੀਵਨ ਦੇ ਨਾਲ-ਨਾਲ ਰੇਲ ਆਵਾਜਾਈ ’ਤੇ ਵੀ ਪੈਣ ਲੱਗਾ ਹੈ। ਧੁੰਦ ਦੇ ਕਹਿਰ ਕਾਰਨ ਟ੍ਰੇਨਾਂ ਦੇ ਲੇਟ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਲੰਮੀ ਦੂਰੀ ਦੀਆਂ ਵਧੇਰੇ ਟ੍ਰੇਨਾਂ ਆਪਣੇ ਤੈਅ ਸਮੇਂ ਤੋਂ ਘੰਟਿਆਂਬੱਧੀ ਲੇਟ ਚੱਲ ਰਹੀਆਂ ਹਨ।
ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ ਤੋਂ ਚੱਲ ਕੇ ਦੁਪਹਿਰ ਨੂੰ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ (12029) ਸੋਮਵਾਰ ਦੁਪਹਿਰੇ ਲਗਭਗ ਢਾਈ ਘੰਟੇ ਦੇਰੀ ਨਾਲ ਪੁੱਜੀ ਅਤੇ ਸ਼ਾਮ ਨੂੰ ਜਲੰਧਰ ਤੋਂ ਲਗਭਗ ਡੇਢ ਘੰਟਾ ਦੇਰੀ ਨਾਲ ਰਵਾਨਾ ਹੋਈ। ਇਸ ਤੋਂ ਇਲਾਵਾ ਜੰਮੂਤਵੀ ਤੋਂ ਅਹਿਮਦਾਬਾਦ ਜਾਣ ਵਾਲੀ ਟ੍ਰੇਨ 4.30 ਘੰਟੇ ਦੇਰੀ ਨਾਲ ਪੁੱਜੀ। ਸੱਚਖੰਡ ਐਕਸਪੈੱਸ 6.30 ਘੰਟੇ ਦੀ ਲੰਬੀ ਦੇਰੀ ਨਾਲ ਸਟੇਸ਼ਨ ‘ਤੇ ਪੁੱਜੀ। ਇਸਦੇ ਨਾਲ ਹੀ ਇਕ ਦਰਜਨ ਤੋਂ ਵੱਧ ਟ੍ਰੇਨਾਂ ਆਪਣੇ ਤੈਅ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਪਹੁੰਚੀਆਂ। ਟ੍ਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧੁੰਦ ਦੇ ਕਾਰਨ ਰੇਲ ਗੱਡੀਆਂ ਦੇ ਸਮੇਂ ‘ਚ ਹੋ ਰਹੀ ਦੇਰੀ ਦੇ ਕਾਰਨ ਯਾਤਰੀਆਂ ਨੂੰ ਵੀ ਆਪਣੀ ਮੰਜ਼ਿਲ ‘ਤੇ ਪਹੁੰਚਣ ‘ਚ ਦੇਰੀ ਹੋ ਰਹੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਧੁੰਦ ਕਾਰਨ ਟ੍ਰੇਨਾਂ ਦੇ ਸਮੇਂ ‘ਚ ਇਹ ਦੇਰੀ ਅੱਗੇ ਵੀ ਕਈ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।