ਲੇਹ- ਲੱਦਾਖ ਦੀ ਧਰਤੀ ਭੂਚਾਲ ਨਾਲ ਕੰਬ ਉਠੀ। ਅੱਜ ਯਾਨੀ ਕਿ ਮੰਗਲਵਾਰ ਸਵੇਰੇ ਕਰੀਬ 4.33 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅੰਕੜਿਆਂ ਨੇ ਕਿਹਾ ਕਿ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਅਜੇ ਤੱਕ ਕਿਧਰੇ ਵੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ ਦਾ ਕੇਂਦਰ ਧਰਤੀ ਤੋਂ 5 ਕਿਲੋਮੀਟਰ ਅੰਦਰ ਸੀ। ਇਸ ਦਾ ਅਕਸ਼ਾਂਸ਼ 34.73 ਡਿਗਰੀ ਉੱਤਰ ਅਤੇ ਲੰਬਕਾਰ 77.07 ਡਿਗਰੀ ਪੂਰਬ ਸੀ। ਪਿਛਲੇ ਹਫ਼ਤੇ ਲੱਦਾਖ ਖੇਤਰ ਵਿਚ ਇਕ ਤੋਂ ਬਾਅਦ ਇਕ 5 ਭੂਚਾਲ ਆਏ।
ਸਵੇਰੇ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਦੀ ਨੀਂਦ ਉੱਡ ਗਈ। ਬਹੁਤ ਸਾਰੇ ਲੋਕ ਘਬਰਾ ਕੇ ਘਰਾਂ ‘ਚੋਂ ਬਾਹਰ ਨਿਕਲ ਆਏ। ਲੱਦਾਖ ਤੋਂ ਇਲਾਵਾ ਜੰਮੂ-ਕਸ਼ਮੀਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫ਼ਿਲਹਾਲ ਲੱਦਾਖ ਤੋਂ ਲੈ ਕੇ ਕਸ਼ਮੀਰ ਤੱਕ ਅੱਜ ਤੜਕੇ ਆਏ ਭੂਚਾਲ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।