ਅੰਮ੍ਰਿਤਸਰ– ਪਠਾਨਕੋਟ ਨੈਸ਼ਨਲ ਹਾਈਵੇ ਨੂੰ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੇ ਜਾਮ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਘੁੰਮਣ ਕਲਾਂ ਦੇ ਰਹਿਣ ਵਾਲੇ ਕੰਵਲਜੀਤ ਨਾਮ ਦੇ 20 ਸਾਲਾ ਨੌਜਵਾਨ ਦੀ ਮੌਤ ਇਕ ਹਾਦਸੇ ਦੌਰਾਨ ਹੋ ਗਈ ਸੀ। ਨੌਜਵਾਨ ਨਾਲ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਿਹਾ ਸੀ, ਉਸ ਵੇਲੇ ਉਸ ਦੀ ਕਾਰ ਨਾਲ ਟੱਕਰ ਹੋ ਗਈ ਅਤੇ ਉਹ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਉਕਤ ਕਾਰ ਚਾਲਕ ਨੇ ਜ਼ਖ਼ਮੀ ਨੌਜਵਾਨ ਨੂੰ ਨੌਸ਼ਹਿਰਾ ਮੱਝਾ ਸਿੰਘ ਦੇ ਸਰਕਾਰੀ ਹਸਪਤਾਲ ਦਾਖਲ ਕਰਵਾ ਕੇ ਖ਼ੁਦ ਫਰਾਰ ਹੋ ਗਿਆ। ਪਰ ਉਕਤ ਨੌਜਵਾਨ ਜ਼ਿੰਦਗੀ ਦੀ ਲੜਾਈ ਨਹੀਂ ਲੜ ਸਕਿਆ ਅਤੇ ਉਸ ਦੀ ਮੌਤ ਹੋ ਗਈ। ਜਦੋਂ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮ੍ਰਿਤਕ ਦੀ ਦੇਹ ਨੈਸ਼ਨਲ ਹਾਈਵੇ ‘ਤੇ ਰੱਖ ਕੇ ਇਨਸਾਫ ਲਈ ਜਾਮ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਦੇਰ ਰਾਤ ਤੱਕ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿੱਚ ਜਦੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਖੋਲ੍ਹ ਦਿੱਤਾ।