ਬੀਤੇ ਜ਼ਮਾਨੇ ਦੀ ਉੱਘੀ ਅਦਾਕਾਰਾ ਤਨੁਜਾ (Tanuja) ਨੂੰ ਤਬੀਅਤ ਵਿਗੜਨ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 80 ਸਾਲਾ ਅਦਾਕਾਰਾ ਨੂੰ ਉਮਰ ਸਬੰਧੀ ਦਿੱਕਤਾਂ ਕਾਰਨ ਐਤਵਾਰ ਨੂੰ ਜੁਹੂ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਹ ਫ਼ਿਲਹਾਲ ਆਈਸੀਯੂ ’ਚ ਹਨ। ਉਨ੍ਹਾਂ ਨੇ ਕਈ ਹਿੰਦੀ ਤੇ ਬੰਗਾਲੀ ਫਿਲਮਾਂ ’ਚ ਕੰਮ ਕੀਤਾ ਹੈ। ਉਹ ਗੁਜ਼ਰੇ ਜ਼ਮਾਨੇ ਦੀ ਸਟਾਰ ਸ਼ੋਭਨਾ ਸਮਰੱਥ ਤੇ ਨਿਰਮਾਤਾ ਕੁਮਾਰਸੇਨ ਸਮਰੱਥ ਦੀ ਧੀ ਹਨ। ਉਹ ਸਦਾਬਹਾਰ ਅਦਾਕਾਰਾ ਨੂਤਨ ਦੀ ਭੈਣ ਤੇ ਕਾਜੋਲ ਦੀ ਮਾਂ ਹੈ। ਛੋਟੀ ਉਮਰ ’ਚ ਹੀ ਆਪਣੀ ਅਦਾਕਾਰੀ ਨਾਲ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਮਹਿਜ਼ 16 ਸਾਲ ਦੀ ਉਮਰ ’ਚ ਉਨ੍ਹਾਂ ਦੀ ਪਹਿਲੀ ਫਿਲਮ ‘ਛਬੀਲੀ’ ਰਿਲੀਜ਼ ਹੋਈ। ਉਨ੍ਹਾਂ ਨੂੰ ‘ਮੇਮ ਦੀਦੀ’, ‘ਬਹਾਰੇਂ ਫਿਰ ਵੀ ਆਏਂਗੀ’, ‘ਜਵੈਲ ਥੀਫ’, ‘ਹਾਥੀ ਮੇਰੇ ਸਾਥੀ’ ਤੇ ‘ਮੇਰੇ ਜੀਵਨ ਸਾਥੀ’ ਜਿਹੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਵਿਲੱਖਣ ਛਾਪ ਛੱਡੀ। ਉਨ੍ਹਾਂ ਦੀ ਭੂਮਿਕਾ ਵਾਲੀਆਂ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ ’ਤੇ ਪੂਰੀ ਤਰ੍ਹਾਂ ਕਾਮਯਾਬ ਰਹੀਆਂ।