ਉੱਤਰ-ਪੱਛਮੀ ਪਾਕਿਸਤਾਨ ਵਿੱਚ ਸ਼ੁੱਕਰਵਾਰ ਨੂੰ ਇੱਕ ਖੇਤਰੀ ਪੁਲਸ ਹੈੱਡਕੁਆਰਟਰ ‘ਤੇ ਅੱਤਵਾਦੀਆਂ ਵਲੋਂ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਘੱਟੋ-ਘੱਟ 3 ਪੁਲਸ ਕਰਮਚਾਰੀਆਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਸ ਹਮਲੇ ‘ਚ 3 ਪੁਲਸ ਕਰਮਚਾਰੀ ਜ਼ਖ਼ਮੀ ਵੀ ਹੋਏ ਹਨ। ਤਿੰਨ ਦਿਨ ਪਹਿਲਾਂ ਵੀ ਇਸੇ ਇਲਾਕੇ ‘ਚ ਅੱਤਵਾਦੀਆਂ ਨੇ 23 ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ।
ਇਕ ਰਿਪੋਰਟ ਮੁਤਾਬਕ ਇਹ ਹਮਲਾ ਖੈਬਰ ਪਖਤੂਨਖਵਾ ਦੇ ਟਾਂਕ ਜ਼ਿਲ੍ਹੇ ‘ਚ ਪੁਲਸ ਲਾਈਨ ‘ਤੇ ਹੋਇਆ ਹੈ। ਸੂਤਰਾਂ ਨੇ ਟੈਂਕ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਇਫਤਿਖਾਰ ਸ਼ਾਹ ਦੇ ਹਵਾਲੇ ਨਾਲ ਕਿਹਾ, ”ਇਕ ਅੱਤਵਾਦੀ ਨੇ ਆਤਮਘਾਤੀ ਬੰਬ ਨਾਲ ਆਪਣੇ ਆਪ ਨੂੰ ਉਡਾ ਲਿਆ” ਅਤੇ ”ਇਕ ਵੱਡਾ ਹਮਲਾ ਟਲ ਗਿਆ”। ਉਨ੍ਹਾਂ ਨੇ ਦੱਸਿਆ ਕਿ ਪੁਲਸ ਲਾਈਨ ‘ਚ ਮੌਜੂਦ ਸਾਰੇ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਇਲਾਕੇ ‘ਚ ਹੋਰ ਅੱਤਵਾਦੀਆਂ ਦੀ ਮੌਜੂਦਗੀ ਦੀ ਚਿਤਾਵਨੀ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਦੱਸ ਦੇਈਏ ਕਿ ਇੱਕ ਨਵੇਂ ਅੱਤਵਾਦੀ ਸਮੂਹ ਅੰਸਾਰੁਲ ਜੇਹਾਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ) ਦੇ ਅੱਤਵਾਦੀਆਂ ਦੇ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਹੈ। ਟੀਜੇਪੀ ਦੇ ਹਮਲੇ ਵਿੱਚ 23 ਸੈਨਿਕ ਮਾਰੇ ਗਏ ਸਨ, ਜਦੋਂ ਕਿ 30 ਤੋਂ ਵੱਧ ਜ਼ਖਮੀ ਹੋ ਗਏ ਸਨ। ਪਾਕਿਸਤਾਨ ਵਿੱਚ ਹੋਏ ਕੁੱਝ ਵੱਡੇ ਹਮਲਿਆਂ ਪਿੱਛੇ ਅੱਤਵਾਦੀ ਸੰਗਠਨ ਟੀਜੇਪੀ ਦਾ ਹੱਥ ਰਿਹਾ ਹੈ।