ਜਾਪਾਨ ਦੇ ਹੋਕਾਈਡੋ ਸੂਬੇ ਦੇ ਹਾਕੋਦਾਤੇ ਦੇ ਤੱਟ ‘ਤੇ ਸ਼ੁੱਕਰਵਾਰ ਸਵੇਰੇ ਹਜ਼ਾਰਾਂ ਮੱਛੀਆਂ ਨੂੰ ਦੇਖਿਆ ਗਿਆ। ਇੰਨੀ ਵੱਡੀ ਗਿਣਤੀ ‘ਚ ਮਰੀਆਂ ਮੱਛੀਆਂ ਨੂੰ ਦੇਖ ਕੇ ਸਥਾਨਕ ਲੋਕ ਹੈਰਾਨ ਰਹਿ ਗਏ। ਸਿਹਤ ਮਾਹਿਰਾਂ ਨੇ ਇਨ੍ਹਾਂ ਮੱਛੀਆਂ ਨੂੰ ਨਾ ਖਾਣ ਦੀ ਸਲਾਹ ਦਿੱਤੀ ਹੈ
ਸਥਾਨਕ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਮਰੀਆਂ ਮੱਛੀਆਂ ਘਰ ਨਾ ਲਿਆਉਣ ਦੀ ਅਪੀਲ ਕੀਤੀ ਹੈ। ਕਿਉਂਕਿ ਸੰਭਵ ਹੈ ਕਿ ਇਨ੍ਹਾਂ ਮੱਛੀਆਂ ਦੀ ਮੌਤ ਜ਼ਹਿਰ ਕਾਰਨ ਹੋਈ ਹੋਵੇ। ਇਨ੍ਹਾਂ ਮਰੀਆਂ ਹੋਈਆਂ ਮੱਛੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਆਂ ਹੋਈਆਂ ਮੱਛੀਆਂ ਦਿਖਾਈ ਦੇ ਰਹੀਆਂ ਹਨ, ਜਿਸ ਕਾਰਨ ਸਥਾਨਕ ਲੋਕਾਂ ਅਤੇ ਵਾਤਾਵਰਣ ਪ੍ਰੇਮੀਆਂ ਵਿੱਚ ਚਿੰਤਾ ਵਧ ਰਹੀ ਹੈ।
ਪੀਟੀਆਈ ਦੀ ਰਿਪੋਰਟ ਅਨੁਸਾਰ, ਮੱਛੀਆਂ ਮੁੱਖ ਤੌਰ ‘ਤੇ ਸਾਰਡੀਨ ਅਤੇ ਕੁਝ ਮੈਕਰੇਲ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮਰੀਆਂ ਹੋਈਆਂ ਮੱਛੀਆਂ ਕਾਰਨ ਸਮੁੰਦਰ ਦਾ ਪਾਣੀ ਕਰੀਬ ਇੱਕ ਕਿਲੋਮੀਟਰ ਤੱਕ ਸਫੈਦ ਨਜ਼ਰ ਆ ਰਿਹਾ ਹੈ। ਇੰਝ ਲੱਗਦਾ ਹੈ ਜਿਵੇਂ ਕੋਈ ਕੰਬਲ ਵਿਛਾ ਦਿੱਤਾ ਗਿਆ ਹੋਵੇ ਪਰ ਇਹ ਸਿਰਫ਼ ਮਰੀਆਂ ਮੱਛੀਆਂ ਹੀ ਹਨ। ਰਿਪੋਰਟ ਅਨੁਸਾਰ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਕੁਝ ਸਥਾਨਕ ਲੋਕਾਂ ਨੇ ਇਨ੍ਹਾਂ ਮੱਛੀਆਂ ਨੂੰ ਇਕੱਠਾ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਜੇਕਰ ਇਨ੍ਹਾਂ ਮੱਛੀਆਂ ਨੂੰ ਲਿਜਾਣ ਵਾਲੇ ਲੋਕ ਇਨ੍ਹਾਂ ਨੂੰ ਖਾਂਦੇ ਹਨ ਤਾਂ ਉਨ੍ਹਾਂ ਦਾ ਬੀਮਾਰ ਹੋਣਾ ਤੈਅ ਹੈ।
ਏਪੀ ਦੀ ਰਿਪੋਰਟ ਅਨੁਸਾਰ ਹਾਕੋਡੇਟ ਫਿਸ਼ਰੀਜ਼ ਰਿਸਰਚ ਇੰਸਟੀਚਿਊਟ ਦੇ ਖੋਜਕਰਤਾ ਤਾਕਸ਼ੀ ਫੂਜੀਓਕਾ ਨੇ ਕਿਹਾ ਕਿ ਮੱਛੀਆਂ ਦਾ ਪਿੱਛਾ ਕਿਸੇ ਵੱਡੇ ਸ਼ਿਕਾਰੀ ਨੇ ਕੀਤਾ ਹੋ ਸਕਦਾ ਹੈ, ਜਿਸ ਕਾਰਨ ਉਹ ਆਕਸੀਜਨ ਦੀ ਕਮੀ ਕਾਰਨ ਥੱਕ ਗਈਆਂ ਅਤੇ ਆਖਰਕਾਰ ਕਿਨਾਰੇ ‘ਤੇ ਜਾ ਡਿੱਗੀਆਂ। ਮੱਛੀ ਖਾਣ ਦੇ ਮਾਮਲੇ ‘ਤੇ ਫੁਜੀਓਕਾ ਨੇ ਕਿਹਾ ਕਿ ਸਾਨੂੰ ਪੱਕਾ ਪਤਾ ਨਹੀਂ ਹੈ ਕਿ ਇਹ ਮੱਛੀਆਂ ਕਿਸ ਹਾਲਾਤਾਂ ‘ਚ ਹਨ, ਇਸ ਲਈ ਮੈਂ ਇਨ੍ਹਾਂ ਨੂੰ ਖਾਣ ਦੀ ਸਲਾਹ ਨਹੀਂ ਦਿੰਦਾ।
ਜਾਪਾਨ ਵਿੱਚ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ
ਰਿਪੋਰਟ ਮੁਤਾਬਕ ਜਾਪਾਨ ‘ਚ ਪਿਛਲੇ ਸਾਲ ਅਤੇ 5 ਸਾਲ ਪਹਿਲਾਂ ਵੀ ਹੋਕਾਈਦੋ ਦੇ ਵਾਕਕਾਨਾਈ ਸ਼ਹਿਰ ਨੇੜੇ ਭਾਰੀ ਬਰਫਬਾਰੀ ਤੋਂ ਬਾਅਦ ਅਜਿਹੀ ਹੀ ਘਟਨਾ ਵਾਪਰੀ ਸੀ। ਇਸ ਦੌਰਾਨ ਵੀ ਮਰੀਆਂ ਮੱਛੀਆਂ ਦੀ ਮੌਤ ਦਾ ਕਾਰਨ ਅਜੇ ਵੀ ਰਹੱਸ ਬਣਿਆ ਹੋਇਆ ਹੈ।